ਸੂਬਾ ਸਰਕਾਰ ਦੀਆਂ ਦੋ ਸਾਲ ਦੀਆਂ ਲਾਮਿਸਾਲ ਪ੍ਰਾਪਤੀਆਂ ਸਦਕਾ ਲੋਕਾਂ ਵਿੱਚ ਭਾਰੀ ਉਤਸ਼ਾਹ - ਮੀਤ ਹੇਅਰ
- ਧੂਰੀ ਸ਼ਹਿਰ ਦੇ ਦੌਰੇ ਦੌਰਾਨ ਮੀਤ ਹੇਅਰ ਨੂੰ ਮਿਲਿਆ ਭਰਵਾਂ ਹੁੰਗਾਰਾ
- ਧੂਰੀ ਵਾਸੀਆਂ ਦਾ ਪੂਰਾ ਸੂਬਾ ਰਿਣੀ: ਮੀਤ ਹੇਅਰ
ਦਲਜੀਤ ਕੌਰ
ਧੂਰੀ, 25 ਅਪ੍ਰੈਲ, 2024: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਧੂਰੀ ਸ਼ਹਿਰ ਵਿੱਚ ਵੱਖ-ਵੱਖ ਥਾਂਵਾਂ ਦਾ ਦੌਰਾ ਕੀਤਾ ਜਿੱਥੇ ਵੱਖ-ਵੱਖ ਵਰਗਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਮੀਤ ਹੇਅਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਧੂਰੀ ਵਾਸੀਆਂ ਦਾ ਪੂਰਾ ਸੂਬਾ ਰਿਣੀ ਹੈ ਜਿਨ੍ਹਾਂ ਬਦੌਲਤ ਅੱਜ ਸੂਬੇ ਨੂੰ ਸ. ਭਗਵੰਤ ਸਿੰਘ ਮਾਨ ਦੇ ਰੂਪ ਵਿੱਚ ਵਿਕਾਸ ਦਾ ਮਸੀਹਾ ਮੁੱਖ ਮੰਤਰੀ ਮਿਲਿਆ ਜਿਨ੍ਹਾਂ ਦੀ ਗਤੀਸ਼ੀਲ ਤੇ ਅਗਾਂਹਵਧੂ ਅਗਵਾਈ ਵਿੱਚ ਅੱਜ ਪੰਜਾਬ ਮੁੜ ਰੰਗਲਾ ਪੰਜਾਬ ਬਣ ਰਿਹਾ ਹੈ। ਸਮੁੱਚੇ ਸੂਬੇ ਦੇ ਲੋਕ ਅਤੇ ਆਮ ਆਦਮੀ ਪਾਰਟੀ ਧੂਰੀ ਵਾਸੀਆਂ ਨੂੰ ਸਿਜਦਾ ਕਰਦੀ ਹੈ।
ਇਸੇ ਦੌਰਾਨ ਤਾਰਾ ਹਵੇਲੀ ਵਿਖੇ ਸ਼ਹਿਰ ਦੇ ਵਪਾਰੀ ਭਾਈਚਾਰੇ ਨਾਲ ਜਨਤਕ ਮੀਟਿੰਗ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਵਪਾਰੀ ਵਰਗ ਦੇ ਹਿੱਤਾਂ ਲਈ ਵਚਨਬੱਧ ਹੈ। ਵਪਾਰ ਲਈ ਸੁਖਾਵਾਂ ਮਾਹੌਲ ਸਿਰਜ ਰਹੀ ਹੈ। ਸਰਕਾਰ-ਸਨਅਤਕਾਰ ਮਿਲਣੀਆਂ ਨੇ ਹੋਰ ਵੀ ਸਾਰਥਿਕ ਮਾਹੌਲ ਸਿਰਜਿਆ।
ਧੂਰੀ ਦੇ ਵਾਰਡ ਨੰਬਰ 2, 3 ਤੇ 16 ਵਿੱਚ ਸਮਾਗਮਾਂ ਦੌਰਾਨ ਬੋਲਦਿਆਂ ਮੀਤ ਹੇਅਰ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਦੋ ਸਾਲ ਦੀਆਂ ਲਾਮਿਸਾਲ ਪ੍ਰਾਪਤੀਆਂ ਸਦਕਾ ਲੋਕਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸੇ ਉਤਸ਼ਾਹ ਸਦਕਾ ਵਰਕਰਾਂ ਦੀ ਮੀਟਿੰਗ ਭਰਵੇਂ ਇਕੱਠ ਸਦਕਾ ਵੱਡੀਆਂ ਰੈਲੀਆਂ ਦਾ ਰੂਪ ਧਾਰਨ ਕਰ ਰਹੀ ਹੈ। ਲੋਕਾਂ ਸਰਕਾਰ ਦੇ ਕੰਮਾਂ ਤੋਂ ਬਹੁਤ ਸੰਤੁਸ਼ਟ ਹਨ ਜਿਸ ਦਾ ਸਿੱਟਾ ਚੋਣ ਮੀਟਿੰਗਾਂ ਵਿੱਚ ਹੋ ਰਹੇ ਭਰਵੇਂ ਇਕੱਠ ਹਨ।
ਮੀਤ ਹੇਅਰ ਨੇ ਧੂਰੀ ਦੀ ਦਾਣਾ ਮੰਡੀ ਦਾ ਵੀ ਦੌਰਾ ਕਰ ਕੇ ਕਣਕ ਦੇ ਖਰੀਦ ਪ੍ਰਬੰਧਾਂ ਜਾਇਜ਼ਾ ਲਿਆ।ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲ ਤੋਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨਾਂ ਨੂੰ ਫਸਲਾਂ ਲਈ ਨਿਰੰਤਰ ਨਿਰਵਿਘਨ ਮੁਫਤ ਬਿਜਲੀ ਤੋਂ ਲੈ ਕੈ ਮੰਡੀਆਂ ਵਿੱਚ ਖਰੀਦ ਦੇ ਸੁਚਾਰੂ ਪ੍ਰਬੰਧ ਤੱਕ ਕਿਸਾਨਾਂ ਨਾਲ ਖੜ੍ਹੀ ਹੈ। ਮੰਡੀਆਂ ਵਿੱਚ ਕਿਸਾਨ ਵੀਰ ਸਰਕਾਰ ਦੇ ਪ੍ਰਬੰਧਾਂ ਤੋਂ ਸੰਤੁਸ਼ਟ ਹਨ।