ਆਪ ਐਮ ਐਲ ਏ ਨੇ ਸਿੱਧੂ ਮੂਸੇਵਾਲੇ ਦੇ ਜ਼ਖਮੀ ਸਾਥੀਆਂ ਨਾਲ ਕੀਤੀ ਮੁਲਾਕਾਤ, ਪੜ੍ਹੋ ਕੀ ਬਿਆਨ ਦਿੱਤਾ
ਲੁਧਿਆਣਾ, 1 ਜੂਨ 2022 - ਪਿੰਡ ਜਵਾਹਰਕੇ ਵਾਲਾ ਵਿਚ 29 ਮਈ ਨੂੰ ਉੱਘੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਸਮੇਂ ਉਨ੍ਹਾਂ ਦੇ ਨਾਲ ਜ਼ਖ਼ਮੀ ਹੋਏ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਹਾਲ ਪੁੱਛਣ ਲਈ ਹਲਕਾ ਸਰਦੂਲਗੜ੍ਹ ਤੋਂ 'ਆਪ' ਦੇ ਵਿਧਾਇਕ ਗੁਰਪ੍ਰੀਤ ਸਿੰਘ ਅੱਜ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਪਹੁੰਚੇ।
ਆਪ ਐਮ ਐਲ ਏ ਨੇ ਸਿੱਧੂ ਮੂਸੇਵਾਲੇ ਦੇ ਜ਼ਖਮੀ ਸਾਥੀਆਂ ਦਾ ਹਾਲ ਪੁੱਛਿਆ। ਉਹਨਾ ਨੂੰ ਵਿਸ਼ਵਾਸ਼ ਦਵਾਇਆ ਕਿ ਆਉਣ ਵਾਲੇ ਸਮੇਂ ਵਿਚ ਇਹਨਾਂ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਹਸਪਤਾਲ ਦੇ ਮੁਖੀ ਨਾਲ ਅਤੇ ਸੰਬੰਧਿਤ ਡਾਕਟਰ ਸਾਹਿਬਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਫੈਸਲਾ ਲਿਆ ਗਿਆ ਹੈ ਇਹਨਾਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵਲੋਂ ਕੀਤਾ ਜਾਵੇਗਾ।
ਗੱਲਬਾਤ ਕਰਦਿਆਂ ਵਿਧਾਇਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੋਵੇਂ ਨੌਜਵਾਨ ਖ਼ਤਰੇ ਤੋਂ ਬਾਹਰ ਹਨ ਅਤੇ ਇਸ ਸੰਬੰਧੀ ਉਨ੍ਹਾਂ ਨੇ ਡਾਕਟਰਾਂ ਨੂੰ ਵੀ ਇਨ੍ਹਾਂ ਦੀ ਪੂਰੀ ਦੇਖ ਕਰਨ ਲਈ ਕਿਹਾ ਗਿਆ ਹੈ। ਕੁਝ ਦੇਰ ਬੈਠਣ ਉਪਰੰਤ ਵਿਧਾਇਕ ਗੁਰਪ੍ਰੀਤ ਸਿੰਘ ਉਥੋਂ ਚਲੇ ਗਏ। ਇਸ ਤੋਂ ਪਹਿਲਾਂ ਅੱਜ ਸਵੇਰੇ ਮਾਨਸਾ ਪੁਲਿਸ ਵਲੋਂ ਵੀ ਇਨ੍ਹਾਂ ਦੋਵਾਂ ਜ਼ਖਮੀਆਂ ਦੇ ਬਿਆਨ ਕਲਮਬੰਦ ਕੀਤੇ ਗਏ ਹਨ। ਮਾਨਸਾ ਪੁਲਿਸ ਵੱਲੋਂ ਇਨ੍ਹਾਂ ਨੂੰ ਬਤੌਰ ਗਵਾਹ ਮੁਕੱਦਮੇ ਵਿਚ ਰੱਖਿਆ ਜਾ ਰਿਹਾ ਹੈ।