ਮੂਸੇਵਾਲਾ ਕਤਲਕਾਂਡ ਪੰਜਾਬ ਪੁਲਿਸ ਵੱਡੀ ਕਾਰਵਾਈ ਦੀ ਕਰ ਰਹੀ ਹੈ ਤਿਆਰੀ, 3 ਵਿਅਕਤੀ ਅਤੇ 13 ਨੰਬਰ ਵੀ ਪੁਲੀਸ ਦੀ ਰਡਾਰ ’ਤੇ
ਦੀਪਕ ਗਰਗ
ਕੋਟਕਪੂਰਾ 3 ਜੂਨ 2022 - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੀ ਐਸਆਈਟੀ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਸ਼ਮੂਲੀਅਤ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਲਾਰੈਂਸ ਬਿਸ਼ਨੋਈ ਗੈਂਗ ਦੇ ਅਪਰਾਧੀਆਂ ਤੋਂ ਪੁੱਛਗਿੱਛ ਦੇ ਨਾਲ-ਨਾਲ ਐਸਆਈਟੀ ਨੇ ਮੂਸੇਵਾਲਾ ਦੇ ਕਤਲ ਵਾਲੀ ਥਾਂ ਦੇ ਨੇੜੇ ਸਥਿਤ ਮੋਬਾਈਲ ਟਾਵਰਾਂ ਦਾ ਡਾਟਾ ਇਕੱਠਾ ਕੀਤਾ ਹੈ, ਜਿਸ ਵਿੱਚ ਅਪਰਾਧ ਸਮੇਂ ਵਰਤੇ ਗਏ ਮੋਬਾਈਲ ਨੰਬਰਾਂ ਦੀ ਲੋਕੇਸ਼ਨ ਅਤੇ ਗੱਲਬਾਤ ਦੇ ਆਧਾਰ 'ਤੇ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੀਡੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਸਆਈਟੀ ਇਸ ਮਾਮਲੇ ਵਿੱਚ ਪੰਜ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਤੋਂ ਪੁੱਛਗਿੱਛ ਕਰੇਗੀ। ਇਸ ਤੋਂ ਇਲਾਵਾ ਪਿੰਡ ਮੂਸੇਵਾਲਾ ਦੇ ਤਿੰਨ ਵਿਅਕਤੀ ਵੀ ਪੁਲੀਸ ਦੀ ਰਡਾਰ ’ਤੇ ਹਨ। ਪੁਲਿਸ ਸੂਤਰਾਂ ਅਨੁਸਾਰ ਐਸਆਈਟੀ ਨੇ ਹੁਣ ਤੱਕ ਜਿੰਨੇ ਵੀ ਮੋਬਾਈਲ ਨੰਬਰ ਇਕੱਠੇ ਕੀਤੇ ਹਨ, ਉਨ੍ਹਾਂ ਵਿੱਚੋਂ 13 ਨੰਬਰਾਂ ਨੂੰ ਸ਼ੱਕੀ ਦੀ ਸ਼੍ਰੇਣੀ ਵਿੱਚ ਰੱਖ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਨ੍ਹਾਂ ਨੰਬਰਾਂ ਦੀ ਵੱਡੀਆਂ ਜੇਲ੍ਹਾਂ ਵਿੱਚ ਗੱਲਬਾਤ ਕੀਤੀ ਗਈ ਹੈ।
ਐਸਆਈਟੀ ਨੂੰ ਸ਼ੱਕ ਹੈ ਕਿ ਕਾਤਲਾਂ ਨੂੰ ਜੇਲ੍ਹ ਵਿੱਚ ਬੰਦ ਗੈਂਗਸਟਾਰਾਂ ਤੋਂ ਹਦਾਇਤਾਂ ਮਿਲ ਰਹੀਆਂ ਸਨ ਅਤੇ ਕਾਤਲ ਗੈਂਗਸਟਾਰਾਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਵੀ ਦੇ ਰਹੇ ਸਨ। ਫੋਨ ਕਾਲਾਂ ਦੇ ਆਧਾਰ 'ਤੇ ਐਸਟੀਐਫ ਦਾ ਮੰਨਣਾ ਹੈ ਕਿ ਮੂਸੇਵਾਲਾ ਦੇ ਕਾਤਲ ਲੁਧਿਆਣਾ, ਪਟਿਆਲਾ, ਫਿਰੋਜ਼ਪੁਰ, ਬਠਿੰਡਾ ਅਤੇ ਫਰੀਦਕੋਟ ਦੀਆਂ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੇ ਸੰਪਰਕ ਵਿੱਚ ਸਨ।
ਐਸਟੀਐਫ ਨੇ ਹੁਣ ਇਨ੍ਹਾਂ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਤੋਂ ਪੁੱਛਗਿੱਛ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਫੋਨ ਕਾਲ ਦੇ ਵੇਰਵਿਆਂ ਦੀ ਪੜਤਾਲ ਕਰਦਿਆਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਪਿੰਡ ਮੂਸੇਵਾਲਾ ਦੇ ਤਿੰਨ ਵਿਅਕਤੀ ਵੀ ਸ਼ੱਕ ਦੇ ਘੇਰੇ ਵਿੱਚ ਹਨ। ਫਿਲਹਾਲ ਪੁਲਿਸ ਨੇ ਉਨ੍ਹਾਂ ਨੂੰ ਆਪਣੇ ਰਾਡਾਰ 'ਤੇ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਦੀਆਂ ਹਰਕਤਾਂ 'ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।