ਸਿੱਧੂ ਮੂਸੇਵਾਲਾ ਦੇ ਸ਼ਰਧਾਂਜਲੀ ਸਮਾਗਮ ’ਚ ਵਗਿਆ ਹੰਝੂਆਂ ਦਾ ਦਰਿਆ
ਅਸ਼ੋਕ ਵਰਮਾ
ਮਾਨਸਾ,8ਜੂਨ2022: ਮਰਹੂਮ ਗਾਇਕ ਸ਼ਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਅੰਤਮ ਅਰਦਾਸ ਮੌਕੇ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਹੰਝੂਆਂ ਦਾ ਦਰਿਆ ਵਗਿਆ। ਸਿੱਧੂ ਮੂਸੇਵਾਲਾ ਦੇ ਲੱਖਾਂ ਪ੍ਰਸੰਸਕ ਅੱਜ ਸਵੇਰ ਤੋਂ ਹੀ ਮਾਨਸਾ ਦੀ ਅਨਾਜ ਮੰਡੀ ਵਿੱਚ ਪੁੱਜਣੇ ਸ਼ੁਰੂ ਹੋ ਗਏ ਸਨ ਜਿੱਥੇ ਉਨ੍ਹਾਂ ਆਪਣੇ ਮਹਿਬੂਬ ਗਾਇਕ ਨੂੰ ਖੈਰਾਜ਼ੇ ਅਕੀਦਤ ਪੇਸ਼ ਕੀਤੀ। ਸਮਾਗਮ ’ਚ ਸ਼ਾਮਲ ਹੋਣ ਵਾਲਿਆਂ ’ਚ ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਹੋਰ ਕਈ ਸੂਬਿਆਂ ਅਤੇ ਵਿਦੇਸ਼ਾਂ ’ਚੋਂ ਵੀ ਲੋਕ ਸ਼ਾਮਲ ਹੋਏ। ਅੱਜ ਦੇ ਸ਼ਰਧਾਂਜਲੀ ਸਮਾਗਮ ’ਚ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਤੇ ਹਾਕਮ ਧਿਰ ਦੇ ਆਗੂਆਂ ਤੇ ਮੰਤਰੀ ਨੇ ਵੀ ਸ਼ਿਰਕਤ ਕੀਤੀ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਜਦੋਂ ਸਮਾਗਮ ਨੂੰ ਸੰਬੋਧਨ ਕੀਤਾ ਤਾਂ ਮਹੌਲ ਗਮਗੀਨ ਅਤੇ ਭਾਵੁਕ ਬਣ ਗਿਆ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਪ੍ਰੀਵਾਰ ਨੂੰ ਇਨਸਾਫ ਨਾਂ ਮਿਲਿਆ ਤਾਂ ਸੰਘਰਸ਼ ਦੇ ਰਾਹ ਪੈਣ ਤੋਂ ਗੁਰੇਜ਼ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਬੇਸ਼ੱਕ 29 ਮਈ ਦਾ ਦਿਨ ਪ੍ਰੀਵਾਰ ਲਈ ਮਨਹੂਸ ਸੀ ਪਰ ਆਮ ਲੋਕਾਂ ਵੱਲੋਂ ਵੰਡਾਏ ਦੁੱਖ ਅਤੇ ਕੇਰੇ ਹੰਝੂਆਂ ਨੇ ਪ੍ਰੀਵਰ ਦੇ ਜਖਮਾਂ ਤੇ ਮੱਲ੍ਹਮ ਲਾਈ ਹੈ। ਪੰਜਾਬ ਨੂੰ ਇਸ ਅੱਗ ਵਿੱਚੋਂ ਕੱਢਣ ਦੀ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਮੇਰਾ ਘਰ ਤਾਂ ਅੱਜ ਉੱਜੜ ਗਿਆ ਹੈ ਪਰ ਕਿਸੇ ਹੋਰ ਦਾ ਨਹੀਂ ਉਜੜਨਾ ਚਾਹੀਦਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਾੜ ਜਿੰਨਾ ਦੁੱਖ ਹੈ ਪੁੱਤ ਦੀ ਮੌਤ ਦਾ ਕਹਿਣਾ ਬੜਾ ਸੌਖਾ ਹੈ, ਇਹ ਜਰ ਲਵਾਂਗੇ ਪਰ ਉਨ੍ਹਾਂ ਦੀ ਤਾਂ ਜਿੰਦਗੀ ’ਚ ਹੀ ਘੁੱਪ ਹਨੇਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਅਜਿਹੇ ਬਦਨਸੀਬ ਬਾਪ ਹਨ ਜਿੰਨ੍ਹਾਂ ਪਹਿਲਾਂ ਬਚਪਨ ਦੇ ਦਿਨ ਮਾੜੇ ਦੇਖੇ ਅਤੇ ਹੁਣ ਬੁਢਾਪਾ ਵੀ ਮਾੜਾ ਹੀ ਦੇਖਣਾ ਪੈਣਾ ਹੈ। ਜਦੋਂ ਉਨ੍ਹਾਂ ਆਪਣੀ ਤਕਰੀਰ ’ਚ ਪਰਮ ਪਿਤਾ ਪ੍ਰਮਾਤਮਾ ਤੋਂ ਸੇਧ ਲੈ ਕੇ ਅਗਲੀ ਜਿੰਦਗੀ ਤੋਰਨ ਦੀ ਗੱਲ ਆਖੀ ਤਾਂ ਸਮਾਗਮ ਪੰਡਾਲ ’ਚ ਬੈਠੇ ਲੋਕ ਧਾਹਾਂ ਮਾਰ ਕੇ ਰੋਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤ ਸਿੱਧਾ-ਸਾਦਾ ਪੇਂਡੂ ਮੁੰਡਾ ਸੀ ਅਤੇ ਜੇ ਉਸ ਨੂੰ ਕਿਸੇ ਤੋਂ ਖਤਰਾ ਹੁੰਦਾ ਤਾਂ ਉਹ ਆਪਣੀ ਪ੍ਰਾਈਵੇਟ ਸੁਰੱਖਿਆ ਦਾ ਇੰਤਜ਼ਾਮ ਵੀ ਕਰ ਸਕਦਾ ਸੀ।
ਉਨ੍ਹਾਂ ਦੁੱਖ ਜਤਾਇਆ ਕਿ ਸਿੱਧੂ ਮੂਸੇਵਾਲਾ ਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਸੀ ਪਰ ਖੁਦ ਉਸ ਨਾਲ ਬੇਹੱਦ ਮਾੜੀ ਹੋ ਗਈ। ਉਨ੍ਹਾਂ ਕਿਹਾ, ‘‘ਮੈਂ ਹਮੇਸ਼ਾ ਪਰਛਾਵਾਂ ਬਣ ਕੇ ਬੱਚੇ ਨਾਲ ਰਿਹਾ ਪਰ ਅੰਤ ਵੇਲੇ ਮੈਂ ਵੀ ਖੁੰਝ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਇਹ ਵੀ ਨਹੀਂ ਪਤਾ ਕਿ ਮੇਰੇ ਬੱਚੇ ਦਾ ਕਸੂਰ ਕੀ ਸੀ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਮੇਰੇ ਗਲ ਲੱਗ ਰੋਇਆ ਕਿ ਹਰ ਗੱਲ ਮੇਰੇ ਨਾਲ ਕਿਉਂ ਜੁੜ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਅਤੇ ਉਸ ਦੀ ਮਾਂ ਦੇ ਸਿਰ ‘ਤੇ ਹੱਥ ਰਖਾ ਕੇ ਸਹੁੰ ਚੁਕਾਈ ਸੀ ਕਿ ਉਹ ਕਿਸੇ ਮਸਲੇ ‘ਚ ਸ਼ਾਮਲ ਤਾਂ ਨਹੀਂ ਹੈ ਜਿਸ ਤੋਂ ਉਸ ਨੇ ਨਾਂਹ ਕਰ ਦਿੱਤੀ ਤਾਂ ਮੈਂ ਉਸ ਨੂੰ ਆਖਿਆ ਕਿ ਡਰਨ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਜੇਕਰ ਉਹ ਸਹੀ ਨਾਂ ਹੁੰਦਾ ਤਾਂ ਬਿਨਾਂ ਸੁਰੱਖਿਆ ਤੋਂ ਬਾਹਰ ਨਹੀਂ ਜਾਣਾ ਸੀ। ਉਨ੍ਹਾਂ ਸੋਸ਼ਲ ਮੀਡੀਆ ਵਰਤਣ ਵਾਲਿਆਂ ਨੂੰ ਸਿੱਧੂ ਮੂਸੇਵਾਲਾ ਬਾਰੇ ਕਹਾਣੀਆਂ ਬਣਾਕੇ ਨਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਕੁੱਝ ਪੜ੍ਹਕੇ ਉਨ੍ਹਾਂ ਦਾ ਹਿਰਦਾ ਵਲੂੰਧਰਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਰਾਜਨੀਤੀ ‘ਚ ਕੋਈ ਲੈ ਕੇ ਨਹੀਂ ਆਇਆ ਬਲਕਿ ਚੋਣ ਲੜਨਾ ਉਸ ਦਾ ਆਪਣਾ ਫੈਸਲਾ ਸੀ।
ਉਨ੍ਹਾਂ ਕਿਹਾ ਕਿ ਸਿੱਧੂ ਆਪਣੇ ਗੀਤਾਂ ਰਾਹੀਂ ਹਮੇਸ਼ਾ ਲੋਕਾਈ ਦੇ ਕੰਨਾਂ ਵਿੱਚ ਵੱਜਦਾ ਰਹੇਗਾ ਅਤੇ ਉਹ ਵੀ ਆਖਰੀ ਸਾਹ ਤੱਕ ਸਿੱਧੂ ਨੂੰ ਤੁਹਾਡੇ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਨਗੇ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ 29 ਮਈ ਨੂੰ ਜਾਪਦਾ ਸੀ ਕਿ ਮੇਰਾ ਸਭ ਕੁੱਝ ਖਤਮ ਹੋ ਗਿਆ ਪਰ ਤੁਹਾਡਾ ਪਿਆਰ ਦੇਖ ਕੇ ਲੱਗ ਰਿਹਾ ਹੈ ਕਿ ਸ਼ਭਦੀਪ ਅੱਜ ਵੀ ਮੇਰੇ ਨਾਲ ਹੈ। ਉਨ੍ਹਾਂ ਪੰਡਾਲ ’ਚ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਣ ਬਹੁਤ ਵਧ ਗਿਆ ਹੈ, ਇਸ ਲਈ ਉਸਦੇ ਨਾਮ ਦਾ ਇੱਕ-ਇੱਕ ਪੌਦਾ ਲਗਾ ਕੇ ਉਸ ਨੂੰ ਪਾਲਣਾ ਹੈ ਤਾਂ ਜੋ ਸਾਨੂੰ ਵੀ ਸ਼ਾਂਤੀ ਮਿਲੇ ।