ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦੇ ਤਾਰ ਜੁੜੇ ਮੂਸੇਵਾਲਾ ਕਤਲ ਕਾਂਡ ਨਾਲ, ਫਰਾਰ ਭਤੀਜਾ ਸਰਕਾਰੀ ਡਿਊਟੀ ਤੋਂ ਚੱਲ ਰਿਹਾ ਗੈਰ ਹਾਜ਼ਿਰ
ਰਿਪੋਰਟਰ.. ਰੋਹਿਤ ਗੁਪਤਾ
ਗੁਰਦਾਸਪੁਰ, 8 ਜੁਲਾਈ 2022 - ਮੂਸੇਵਾਲਾ ਕਤਲ ਕਾਂਡ ਦੇ ਸ਼ੂਟਰਾਂ ਨਾਲ ਨਾਮ ਜੁੜਨ ਦੇ ਬਾਅਦ ਪੰਜਾਬ ਦੇ ਸਾਬਕਾ ਅਕਾਲੀ ਮੰਤਰੀ ਨਿਰਮਲ ਕਾਹਲੋਂ ਦਾ ਭਤੀਜਾ ਸੰਦੀਪ ਕਾਹਲੋਂ ਫਰਾਰ ਦੱਸਿਆ ਜਾ ਰਿਹਾ ਹੈ। ਸੰਦੀਪ ਕਾਹਲੋਂ ਪੰਚਾਇਤ ਵਿਭਾਗ ਵਿਚ ਬਤੌਰ ਪੰਚਾਇਤ ਅਫਸਰ ਜਿਲਾ ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਤੈਨਾਤ ਹੈ ਅਤੇ ਉਹ 26/5/2022 ਤੋਂ ਆਪਣੇ ਦਫਤਰ ਵਿੱਚ ਗੈਰ ਹਾਜ਼ਿਰ ਚੱਲ ਰਿਹਾ ਹੈ ਇਸਦੇ ਬਾਰੇ ਜਦੋ ਜਿਲੇ ਗੁਰਦਾਸਪੁਰ ਦੇ DDPO ਡਾਕਟਰ ਸੰਦੀਪ ਮਲਹੋਤਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸੰਦੀਪ 26 ਮਈ 2022 ਤੋਂ ਆਪਣੀ ਡਿਊਟੀ ਤੋਂ ਗੈਰ ਹਾਜ਼ਿਰ ਚੱਲ ਰਿਹਾ ਹੈ।ਉਸਦੇ ਬਾਰੇ ਬੀ ਡੀ ਪੀ ਓ ਸ੍ਰੀ ਹਰਗੋਬਿੰਦਪੁਰ ਵਲੋਂ ਓਹਨਾ ਨੂੰ ਲਿਖਤੀ ਨੋਟਿਸ ਭੇਜਿਆ ਗਿਆ ਹੈ ਅਤੇ ਹੁਣ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਵੀ ਲਿੱਖ ਕੇ ਭੇਜ ਦਿੱਤਾ ਗਿਆ ਹੈ। ਹੁਣ ਵਿਭਾਗ ਵਲੋ ਹੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਦਾ ਭਤੀਜਾ ਸੰਦੀਪ ਸਿੰਘ ਕਾਹਲੋਂ, ਜੋ ਕਿ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੂੰ ਲੋੜੀਂਦਾ ਹੈ, ਨੇ ਅਕਾਲੀ ਆਗੂ ਦੇ ਪੁੱਤਰ ਦੀ ਚੋਣ ਪ੍ਰਚਾਰ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਸੰਦੀਪ ਹਰਗੋਬਿੰਦਪੁਰ ਵਿੱਚ ਪੰਚਾਇਤ ਅਫ਼ਸਰ ਦੇ ਤੌਰ ਤੇ ਨੌਕਰੀ ਕਰ ਰਿਹਾ ਹੈ। ਗੁਰਦਾਸਪੁਰ ਜ਼ਿਲੇ ਦਾ ਮੂਲ ਨਿਵਾਸੀ ਸੰਦੀਪ ਜੂਨ 'ਚ ਉਸ ਸਮੇਂ ਲੁੱਕ ਗਿਆ ਸੀ ਜਦੋਂ ਮੂਸੇਵਾਲਾ ਦੀ ਹੱਤਿਆ 'ਚ ਉਸ ਦਾ ਨਾਂ ਸਾਹਮਣੇ ਆਇਆ ਸੀ। ਪੁਲਿਸ ਨੇ ਕਿਹਾ ਹੈ ਕਿ ਉਸ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਬਿਸ਼ਨੋਈ ਨਾਲ ਸਬੰਧ ਹਨ।