ਸੁਰੱਖਿਆ ਘੇਰੇ ਵਿੱਚ ਕੀਤੀ ਗਈ ਕਟੌਤੀ ਤੋਂ ਬਾਅਦ ਸੁਰੱਖਿਆ ਘੇਰਾ ਬਹਾਲ ਕਰਨਾ ਮੂਸੇਵਾਲਾ ਦੀ ਮੌਤ 'ਚ ਕੁਤਾਹੀ ਅਤੇ ਅਣਗਹਿਲੀ ਦੀ ਪੁਸ਼ਟੀ ਹੈ- ਰਾਜਾ ਵੜਿੰਗ
ਚੰਡੀਗੜ੍ਹ, 2 ਜੂਨ 2022 - ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੂਬਾ ਸਰਕਾਰ ਵੱਲੋਂ ਸੁਰੱਖਿਆ ਘੇਰੇ ਵਿੱਚ ਕੀਤੀ ਗਈ ਕਟੌਤੀ ਤੋਂ ਬਾਅਦ ਸੁਰੱਖਿਆ ਘੇਰਾ ਬਹਾਲ ਕਰਨਾ ਕੁਤਾਹੀ ਅਤੇ ਅਣਗਹਿਲੀ ਦੀ ਪੁਸ਼ਟੀ ਹੈ, ਜਿਸ ਕਾਰਨ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕੀਮਤੀ ਜਾਨ ਗਈ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਉਸਦੇ ਮਾਪਿਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਸੁਰੱਖਿਆ ਪਹਿਲਾਂ ਕਿਉਂ ਵਾਪਸ ਲਈ ਗਈ ਸੀ ਅਤੇ ਜਦੋਂ ਹਟਾਈ ਗਈ ਸੀ, ਹੁਣ ਤੱਕ ਬਹਾਲ ਕਿਉਂ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਕਿਤੇ ਕੁਝ ਗਲਤ ਹੋ ਗਿਆ ਹੈ।
ਉਨ੍ਹਾਂ ਸਵਾਲ ਕੀਤਾ ਕਿ ਕੀ ਮੁੱਖ ਮੰਤਰੀ, ਜੋ ਕਿ ਗ੍ਰਹਿ ਮੰਤਰੀ ਵੀ ਹੈ, ਇਸ ਵੱਡੀ ਕੁਤਾਹੀ ਦੀ ਨੈਤਿਕ ਜ਼ਿੰਮੇਵਾਰੀ ਲੈਣਗੇ ਅਤੇ ਮੂਸੇਵਾਲਾ ਦੇ ਮਾਪਿਆਂ ਤੋਂ ਮੁਆਫੀ ਮੰਗਣਗੇ, ਕਿਉਂਕਿ ਇਸ ਗਲਤੀ ਕਾਰਨ ਉਨ੍ਹਾਂ (ਮੂਸੇਵਾਲਾ) ਦੀ ਜਾਨ ਚਲੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਲੋਕ ਵਿਖਾਵੇ ਕਾਰਨ ਪੰਜਾਬ ਨੇ ਇਕ ਮਸ਼ਹੂਰ ਸਭਿਆਚਾਰਕ ਚਿਹਰਾ ਅਤੇ ਭਵਿੱਖ ਦਾ ਆਗੂ ਗੁਆ ਦਿੱਤਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਦਾਅਵਾ ਕਿ ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਸੁਰੱਖਿਆ 'ਚ ਕਟੌਤੀ ਕੀਤੀ ਗਈ ਹੈ, ਦਾ ਕੋਈ ਆਧਾਰ ਨਹੀਂ ਹੈ। ਕਿਉਂਕਿ ਅਰਵਿੰਦ ਕੇਜਰੀਵਾਲ ਦੀ ਪੰਜਾਬ ਪੁਲਿਸ ਦੇ 80 ਕਮਾਂਡੋ ਅਤੇ ਰਾਘਵ ਚੱਢਾ ਦੇ 50 ਕਮਾਂਡੋਜ਼ ਦੀ ਸੁਰੱਖਿਆ ਅਜੇ ਵੀ ਉਹੀ ਹੈ।
ਉਨ੍ਹਾਂ ਸਵਾਲ ਕੀਤਾ ਕਿ ਉਨ੍ਹਾਂ ਦੀ ਸੁਰੱਖਿਆ ਕਿਉਂ ਨਹੀਂ ਕੱਟੀ ਗਈ। ਉਨ੍ਹਾਂ ਕਿਹਾ ਕਿ ਸੁਰੱਖਿਆ ਘਟਾਉਣ ਦੀ ਕਾਰਵਾਈ ਸਿਰਫ਼ ਲੋਕ ਵਿਖਾਵਾ ਹੀ ਨਹੀਂ ਸੀ, ਸਗੋਂ ਸਿਆਸਤ ਤੋਂ ਵੀ ਪ੍ਰੇਰਿਤ ਸੀ।