ਮੂਸਾ ਨੂੰ ਪੁਲਿਸ ਛਾਉਣੀ ਬਣਾਉਣ ਖਿਲਾਫ ਪਿੰਡ ਵਾਸੀਆਂ ਵੱਲੋਂ ਤਿੱਖਾ ਵਿਰੋਧ
ਅਸ਼ੋਕ ਵਰਮਾ
ਮੂਸਾ-ਮਾਨਸਾ, 3 ਜੂਨ 2022 - ਲੰਘੇ ਐਤਵਾਰ ਨੂੰ ਅਣਪਛਾਤਿਆਂ ਵੱਲੋਂ ਗੋਲੀਆਂ ਮਾਰਕੇ ਕਤਲ ਕਰ ਦਿੱਤੇ ਗਏ ਗਾਇਕ ਸ਼ਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਅੱਜ ਲੋਕਾਂ ਨੇ ਵਿਰੋਧ ਕਰਕੇ ਆਪਣੀ ਭੜਾਸ ਕੱਢੀ। ਮੁੱਖ ਮੰਤਰੀ ਦੀ ਆਮਦ ਕਾਰਨ ਕਾਰਨ ਪੁਲਿਸ ਨੇ ਪਿੰਡ ਮੂਸਾ ਸਮੇਤ ਇਸ ਤਰਫ ਆਉਣ ਵਾਲੇ ਰਸਤਿਆਂ ਨੂੰ ਪੁਲਿਸ ਛਾਉਣੀ ’ਚ ਤਬਦੀਲ ਕੀਤਾ ਹੋਇਆ ਸੀ। ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜਰ ਤਕਰੀਬਨ 20 ਕਿਲੋਮੀਟਰ ਦੇ ਘੇਰੇ ’ਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ ।
ਪਿੰਡ ਵਾਸੀਆਂ ਨੂੰ ਪੁਲਿਸ ਵੱਲੋਂ ਲਾਈਆਂ ਰੋਕਾਂ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਨੂੰ ਰੋਕ ਕੇ ਬਿਨਾਂ ਵਜਾਹ ਪਰੇਸ਼ਾਨ ਕਰ ਰਹੀ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਰਿਸ਼ਤੇਦਾਰਾਂ ਤੱਕ ਨੂੰ ਅੰਦਰ ਨਹੀਂ ਦਾਖਲ ਹੋਣ ਜਾ ਰਿਹਾ। ਲੋਕਾਂ ਨੇ ਆਮ ਆਦਮੀ ਪਾਰਟੀ ਸਰਕਾਰ ’ਤੇ ਦੋਸ਼ ਲਾਏ ਅਤੇ ਕਿਹਾ ਕਿ ਮੂਸੇਵਾਲਾ ਦਾ ਕਤਲ ਸਰਕਾਰ ਦੀ ਅਣਗਹਿਲੀ ਕਾਰਨ ਹੋਇਆ ਹੈ।
ਉਨ੍ਹਾਂ ਆਖਿਆ ਕਿ ਦੋ ਪੁਲਿਸ ਮੁਲਾਜਮ ਵਾਪਿਸ ਸੱਦਣ ਵਾਲੀ ਸਰਕਾਰ ਅੱਜ ਹਜਾਰਾਂ ਪੁਲਿਸ ਮੁਲਾਜਮਾਂ ਨੂੰ ਤਾਇਨਾਤ ਕਰ ਰਹੀ ਹੈ ਕੀ ਇਸ ਨਾਲ ਖਜਾਨੇ ਤੇ ਬੋਝ ਨਹੀਂ ਪੈਂਦਾ ਹੈ। ਨਾਰਜ਼ ਲੋਕਾਂ ਨੇ ਪ੍ਰਦਰਸ਼ਨ ਕਰਦਿਆਂ ਚਿਤਾਵਨੀ ਦਿੱਤੀ ਕਿ ਉਹ ਭਗਵੰਤ ਮਾਨ ਨੂੰ ਪਿੰਡ ਵਿਚ ਦਾਖਲ ਨਹੀਂ ਹੋਣ ਦੇਣਗੇ। ਮੁੱਖ ਮੰਤਰੀ ਦੇ ਦੌਰੇ ਕਾਰਨ ਹੀ ਅੱਜ ਜਦੋਂ ਵਿਧਾਨ ਸਭਾ ਹਲਕਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਪਿੰਡ ਮੂਸਾ ਪੁੱਜੇ ਤਾਂ ਪੁਲਿਸ ਦੀ ਭਾਰੀ ਨਫਰੀ ਕਾਰਨ ਭੜਕੇ ਪਿੰਡ ਵਾਸੀਆਂ ਨੇ ਤਿੱਖਾ ਵਿਰੋਧ ਜਤਾਇਆ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।
ਪਿੰਡ ਵਾਸੀਆਂ ਦੇ ਰੋਸ ਕਾਰਨ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਲੀ ਨੂੰ ਇੱਕ ਵਾਰ ਵਾਪਿਸ ਮੁੜਨਾ ਪਿਆ। ਹਾਲਾਂਕਿ ਬਣਾਵਾਲੀ ਇਸ ਤੋਂ ਪਹਿਲਾਂ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਸਨ ਪਰ ਅੱਜ ਮੁੱਖ ਮੰਤਰੀ ਦੇ ਆਉਣ ਕਾਰਨ ਉਨ੍ਹਾਂ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪਿਆ ਹੈ। ਰੋਸ ਜਤਾ ਰਹੇ ਲੋਕਾਂ ਨੇ ਆਖਿਆ ਕਿ ਅੱਜ ਜਿਸ ਸਿੱਧੂ ਮੂਸੇਵਾਲਾ ਦੇ ਪਿੰਡ ਨੂੰ ਪੁਲਿਸ ਛਾਉਣੀ ’ਚ ਤਬਦੀਲ ਕੀਤਾ ਹੋਇਆ ਹੈ ਜੇਕਰ ਉਸ ਦੀ ਸੁਰੱਖਿਆ ’ਚ ਕਟੌਤੀ ਨਾਂ ਕੀਤੀ ਹੁੰਦੀ ਤਾਂ ਉਸ ਨੇ ਜਿਉਂਦੇ ਹੋਣਾ ਸੀ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਹੈਲੀਕਾਪਟਰ ਰਾਹੀਂ ਪਹਿਲਾਂ ਬਣਾਵਾਲੀ ਥਰਮਲ ਪੁੱਜੇ ਜਿੱਥੋਂ ਉਨ੍ਹਾਂ ਨੂੰ ਸੜਕੀ ਰਸਤੇ ਰਾਹੀਂ ਸਿੱਧੂ ਮੂਸੇਵਾਲਾ ਦਾ ਘਰ ਲਿਜਾਇਆ ਗਿਆ ਜਿੱਥੇ ਉਨ੍ਹਾਂ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ।