Sidhu Moosewala case update : ਇਸ ਤਰ੍ਹਾਂ ਭੋਰਾ ਜਿਹਾ ਕਾਗ਼ਜ਼ ਦਾ ਟੁੱਕੜਾ ਕਾਤਲਾਂ ਲਈ ਬਣਿਆ ਫ਼ਾਹਾ, ਪੜ੍ਹੋ ਪੂਰਾ ਵੇਰਵਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 16 ਜੂਨ : ਬੀਤੇ ਮਹੀਨੇ ਮਈ ਦੀ 29 ਤਰੀਖ਼ ਨੂੰ ਦੁਨੀਆਂ ਭਰ ਵਿਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕੁੱਝ ਬਦਮਾਸ਼ਾਂ ਰਲ ਨੇ ਕਤਲ ਕਰ ਦਿਤਾ ਸੀ। ਇਹ ਤਾਂ ਪੜਤਾਲ ਵਿਚ ਸਾਹਮਣੇ ਆ ਹੀ ਚੁੱਕਾ ਹੈ ਕਿ ਮੂਸੇਵਾਲਾ ਨੂੰ ਕਤਲ ਕਰਨ ਲਈ ਇਸੇ ਸਾਲ ਦੇ ਜਨਵਰੀ ਮਹੀਨੇ ਤੋਂ ਸਕੀਮਾਂ ਲਾਈਆਂ ਜਾ ਰਹੀਆਂ ਸਨ। ਪੁਲਿਸ ਨੇ ਵੀ ਹੁਣ ਪਰਤ ਦਰ ਪਰਤ ਕਤਲਾਂ ਦੇ ਪਾਜ ਉਖੇੜਨੇ ਸ਼ੁਰੂ ਕਰ ਦਿਤੇ ਹਨ।
ਇਸੇ ਲੜੀ ਵਿਚ ਅੱਜ ਪੰਜਾਬ ਪੁਲਿਸ ਵਲੋਂ ਕੀਤੀ ਗਈ ਪੜਤਾਲ ਵਿਚ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਨੇ ਇਕ ਮਾਮੂਲੀ ਜਹੀ ਰਸੀਦ ਦੀਆਂ ਪੈੜਾਂ ਇਸ ਤਰ੍ਹਾਂ ਨੱਪੀਆਂ ਕਿ ਸਫ਼ਲਤਾ ਹੱਥ ਲੱਗ ਗਈ। ਇਹ ਰਸੀਦ ਹਰਿਆਣਾ ਦੇ ਪੈਟਰੋਲ ਪੰਪ ਦੀ ਸੀ।
ਇਹ ਰਸੀਦ ਸ਼ਾਰਪ ਸ਼ੂਟਰਾਂ ਵੱਲੋਂ ਬੋਲੈਰੋ ਵਿਚ ਛੱਡੀ ਗਈ ਸੀ। ਇਸ ਰਸੀਦ ਦੇ ਆਧਾਰ 'ਤੇ ਪੁਲਿਸ ਨੇ ਇਕ ਪੈਟਰੋਲ ਪੰਪ 'ਤੇ ਪਹੁੰਚ ਕੇ ਉਥੇ CCTV ਫੁਟੇਜ ਦੀ ਜਾਂਚ ਕੀਤੀ। ਉਸ ਵਿੱਚ ਪੁਲਿਸ ਨੂੰ 2 ਸ਼ਾਰਪ ਸ਼ੂਟਰ ਨਜ਼ਰ ਆਏ।
ਇਸ ਰਸੀਦ ਤੋਂ ਬਾਅਦ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਮੂਸੇਵਾਲਾ ਕਤਲੇਆਮ ਦਾ ਕੇਂਦਰ ਪੰਜਾਬ ਦੇ ਨਾਲ-ਨਾਲ ਹਰਿਆਣਾ ਵੱਲ ਤਾਂ ਪਹਿਲਾਂ ਹੀ ਸੀ। ਜਿਸ ਤੋਂ ਬਾਅਦ ਕੁਝ ਸ਼ੱਕੀ ਵਿਅਕਤੀਆਂ ਨੂੰ ਉਥੋਂ ਚੁੱਕ ਲਿਆ ਗਿਆ। ਪੁੱਛਗਿੱਛ ਤੋਂ ਬਾਅਦ ਬੋਲੈਰੋ ਦੇਣ ਵਾਲੇ ਪਵਨ ਬਿਸ਼ਨੋਈ ਅਤੇ ਨਸੀਬ ਖਾਨ ਨੂੰ ਫੜ ਲਿਆ ਗਿਆ।
ਇੱਥੇ ਦਸ ਦਈਏ ਕਿ ਇਸ ਮਾਮਲੇ ਵਿੱਚ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੂਸੇਵਾਲਾ ਦੇ 29 ਮਈ ਨੂੰ ਹੋਏ ਕਤਲ ਤੋਂ ਬਾਅਦ ਪੰਜਾਬ ਪੁਲਿਸ ਹੱਥ-ਪੈਰ ਮਾਰ ਰਹੀ ਸੀ। ਹਾਲਾਂਕਿ, ਤੁਰੰਤ ਕੋਈ ਸੁਰਾਗ ਨਹੀਂ ਮਿਲਿਆ। ਫਿਰ ਪੁਲਿਸ ਦੇ ਹੱਥ ਸ਼ਾਰਪ ਸ਼ੂਟਰਾਂ ਵੱਲੋਂ ਛੱਡੀ ਬੋਲੈਰੋ ਗੱਡੀ ਲੱਗੀ।
ਪੁਲਿਸ ਨੂੰ ਬੋਲੈਰੋ ਵਿੱਚੋਂ ਡੀਜ਼ਲ ਭਰਨ ਦੀ ਰਸੀਦ ਮਿਲੀ। ਇਹ ਰਸੀਦ 25 ਮਈ ਨੂੰ ਹਰਿਆਣਾ ਦੇ ਫਤਿਹਾਬਾਦ ਦੇ ਬੀਸਲਾ ਸਥਿਤ ਇਕ ਪੈਟਰੋਲ ਪੰਪ ਦੀ ਸੀ। ਪੰਜਾਬ ਪੁਲਿਸ ਤੁਰੰਤ ਉਥੇ ਪਹੁੰਚ ਗਈ। ਜਦੋਂ ਪੁਲਿਸ ਨੇ 25 ਮਈ ਦੇ ਸੀਸੀਟੀਵੀ ਫੁਟੇਜ ਖੰਗਾਲੀ ਤਾਂ ਉਸ ਵਿੱਚ ਹਰਿਆਣਾ ਦੇ ਬਦਮਾਸ਼ ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਨਜ਼ਰ ਆਏ।
ਹੁਣ ਪੰਜਾਬ ਪੁਲਿਸ ਮੂਸੇਵਾਲਾ ਕਤਲ ਕਾਂਡ ਦੇ 4 ਸ਼ਾਰਪ ਸ਼ੂਟਰਾਂ ਦੀ ਭਾਲ ਕਰ ਰਹੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਹਰਿਆਣਾ ਦੇ ਸੋਨੀਪਤ ਵਿੱਚ ਸਥਿਤ ਗੜ੍ਹੀ ਸਿਸਾਨਾ ਪਿੰਡ ਦਾ ਪ੍ਰਿਆਵਰਤ ਫੌਜੀ ਹੈ। ਦੂਜਾ ਸੋਨੀਪਤ ਦੇ ਸੇਰਸਾ ਪਿੰਡ ਦਾ ਅੰਕਿਤ ਜੈਂਤੀ ਉਰਫ਼ ਅੰਕਿਤ ਸੇਰਸਾ ਹੈ। ਬਾਕੀ 2 ਸ਼ਾਰਪ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਸਿੰਘ ਰੂਪਾ ਹਨ।
ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ 8 ਸ਼ਾਰਪ ਸ਼ੂਟਰ ਦੱਸੇ ਸਨ। ਇਨ੍ਹਾਂ ਵਿੱਚੋਂ ਮਹਾਰਾਸ਼ਟਰ ਦੇ ਸ਼ਾਰਪ ਸ਼ੂਟਰ ਸੌਰਵ ਮਹਾਕਾਲ ਅਤੇ ਸੰਤੋਸ਼ ਜਾਧਵ ਨੂੰ ਅਜੇ ਤੱਕ ਪੰਜਾਬ ਪੁਲਿਸ ਮੂਸੇਵਾਲਾ ਦੀ ਹੱਤਿਆ ਵਿੱਚ ਸ਼ਾਮਲ ਨਹੀਂ ਮੰਨ ਰਹੀ ਹੈ ਪਰ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।