ਬੈਂਗਲੁਰੂ, 7 ਸਤੰਬਰ, 2017 : ਬੈਂਗਲੁਰੂ 'ਚ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਕਤਲ ਮਾਮਲੇ 'ਚ ਜਾਂਚ ਲਈ ਕਰਨਾਟਕ ਸਰਕਾਰ ਨੇ ਆਈ.ਜੀ.ਪੀ. ਬੀਕੇ ਸਿੰਘ ਦੀ ਅਗਵਾਈ 'ਚ 19 ਅਫਸਰਾਂ ਦੀ ਟੀਮ ਗਠਿਤ ਕੀਤੀ ਹੈ। ਕਰਨਾਟਕ ਦੇ ਸੀ.ਐੱਮ. ਸਿੱਧਰਮਇਆ ਨੇ ਗੌਰੀ ਦੇ ਕਤਲ ਦੀ ਜਾਂਚ ਐੱਸ.ਆਈ.ਟੀ. ਤੋਂ ਕਰਵਾਉਣ ਦਾ ਆਦੇਸ਼ ਦਿੱਤਾ ਸੀ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਗੌਰੀ ਲੰਕੇਸ਼ ਦੀ ਅਣਪਛਾਤੇ ਹਮਲਵਾਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਗੌਰੀ ਲੰਕੇਸ਼ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਪੂਰੇ ਰਾਜ ਸਨਮਾਨ ਨਾਲ ਕੀਤਾ ਗਿਆ। ਗੌਰੀ ਦਾ ਅੰਤਿਮ ਸੰਸਕਾਰ ਬੈਂਗਲੁਰੂ ਸ਼ਹਿਰ ਦੇ ਚਾਮਰਾਜ ਪੇਟ ਕਬਰਸਤਾਨ 'ਚ ਹੋਇਆ।
ਕੰਨੜ ਪੱਤਰਕਾਰ 'ਲੰਕੇਸ਼ ਮੈਗਜ਼ੀਨ' ਦੀ ਸੰਪਾਦਕ ਰਹੀ ਗੌਰੀ ਨੂੰ ਇਸ ਦੌਰਾਨ ਬੰਦੂਕ ਨਾਲ ਸਲਾਮੀ ਦਿੱਤੀ ਗਈ। ਗੌਰੀ ਦੇ ਭਰਾ ਇੰਦਰਜੀਤ ਲੰਕੇਸ਼ ਨੇ ਦੱਸਿਆ ਕਿ ਅੰਤਿਮ ਸੰਸਕਾਰ 'ਚ ਕਿਸੇ ਤਰ੍ਹਾਂ ਦੀ ਧਾਰਮਿਕ ਪਰੰਪਰਾਵਾਂ ਦੀ ਪਾਲਣਾ ਨਹੀਂ ਕੀਤੀ ਗਈ, ਕਿਉਂਕਿ ਉਹ ਰੈਸ਼ਨਲਿਸਟ ਸੀ ਅਤੇ ਅਸੀਂ ਉਨ੍ਹਾਂ ਦੀ ਵਿਚਾਰ ਧਾਰਾ ਖਿਲਾਫ ਨਹੀਂ ਜਾਣਾ ਚਾਹੁੰਦੇ ਸੀ। ਉਨ੍ਹਾਂ ਦੱਸਿਆ ਕਿ ਗੌਰੀ ਦੀ ਇੱਛਾ ਮੁਤਾਬਕ ਉਨ੍ਹਾਂ ਦੀਆਂ ਅੱਖਾਂ ਦਾਨ ਕਰ ਦਿੱਤੀਆਂ ਗਈਆਂ ਹਨ।
ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਇਆ, ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਵੀਰੱਪਾ ਮੋਇਲੀ ਅਤੇ ਪ੍ਰਦੇਸ਼ ਦੇ ਹੋਰ ਨੇਤਾਵਾਂ ਨੇ ਚਾਮਰਾਜ ਪੇਟ ਪਹੁੰਚ ਕੇ ਗੌਰੀ ਨੂੰ ਸ਼ਰਧਾਂਜਲੀ ਦਿੱਤੀ। ਕੰਨੜ ਫਿਲਮ ਜਗਤ ਦੇ ਮੈਂਬਰਾਂ ਅਤੇ ਐਕਟਿਵਿਸਿਟ ਤੋਂ ਇਲਾਵਾ ਆਮ ਲੋਕ ਵੀ ਗੌਰੀ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ 'ਚ ਪਹੁੰਚੇ। ਪੱਤਰਕਾਰਾਂ ਨੇ ਗੌਰੀ ਲਈ ਇੰਸਾਫ ਦੀ ਮੰਗ ਕੀਤੀ ਹੈ ਅਤੇ ਅਸਹਿਮਤੀ ਦੀਆਂ ਅਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਤਾਕਤਾਂ ਨਾਲ ਮੁਕਾਬਲਾ ਕਰਨ ਦਾ ਸੱਦਾ ਦਿੱਤਾ ਹੈ।