ਪਟਿਆਲਾ ਮੀਡੀਆ ਕਲੱਬ ਦੇ ਮੈਂਬਰ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਵਿਰੁੱਧ ਕੈਂਡਲ ਮਾਰਚ ਕੱਢਦੇ ਹੋਏ।
ਪਟਿਆਲਾ, 7 ਸਤੰਬਰ, 2017 : ਕਰਨਾਟਕਾ ਵਿਚ ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਕਰਨ ਵਿਰੁੱਧ ਪਟਿਆਲਾ ਮੀਡੀਆ ਕਲੱਬ (ਰਜਿ.) ਪਟਿਆਲਾ ਵੱਲੋਂ ਪ੍ਰਧਾਨ ਸ੍ਰੀ ਸਰਬਜੀਤ ਸਿੰਘ ਭੰਗੂ ਦੀ ਅਗਵਾਈ ਹੇਠ ਕੈਂਡਲ ਮਾਰਚ ਕੱਢਿਆ ਗਿਆ ਤੇ ਕੱਟੜਵਾਦੀ ਤਾਕਤਾਂ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ।
ਇਸ ਮੌਕੇ ਕਲੱਬ ਪ੍ਰਧਾਨ ਸ੍ਰੀ ਸਰਬਜੀਤ ਸਿੰਘ ਭੰਗੂ, ਜਨਰਲ ਸਕੱਤਰ ਸ੍ਰੀ ਰਾਜੇਸ਼ ਸ਼ਰਮਾ ਪੰਜੌਲਾ ਤੇ ਖਜਾਨਚੀ ਸ੍ਰੀ ਗੁਰਪ੍ਰੀਤ ਸਿੰਘ ਚੱਠਾ ਨੇ ਕਿਹਾ ਕਿ ਕੱਟੜਵਾਦੀ ਤਾਕਤਾਂ ਦੇਸ਼ ਵਿਚ ਭਾਰੂ ਹੋ ਰਹੀਆਂ ਹਨ। ਇਹਨਾਂ ਤਾਕਤਾਂ ਵੱਲੋਂ ਜਿਥੇ ਇਹਨਾਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ 'ਸ਼ਾਂਤ' ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਉਥੇ ਹੀ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਦੀ ਆਵਾਜ਼ ਨੂੰ ਵੀ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੱਤਰਕਾਰਾਂ ਦੀਆਂ ਲਗਾਤਾਰ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ ਤੇ ਹੁਣ ਸੀਨੀਅਰ ਪੱਤਰਕਾਰ ਗੌਰਵੀ ਲੰਕੇਸ਼ ਦੀ ਇਸ ਕਰ ਕੇ ਹੱਤਿਆ ਕਰ ਦਿੱਤੀ ਗਈ ਕਿ ਉਹ ਕੱਟੜਵਾਦੀ ਤਾਕਤਾਂ ਦੇ ਖਿਲਾਫ ਆਵਾਜ਼ ਬੁਲੰਦ ਕਰਦੀ।
ਉਹਨਾਂ ਮੰਗ ਕੀਤੀ ਕਿ ਇਸ ਹੱਤਿਆ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਸਖ਼ਤ ਸਜ਼ਾ ਮਿਲਣੀ ਯਕੀਨੀ ਬਣਾਈ ਜਾਵੇ। ਨਾਲ ਹੀ ਮੈਂਬਰਾਂ ਨੇ ਇਹ ਮੰਗ ਵੀ ਕੀਤੀ ਕਿ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਾਨੂੰਨ ਤਿਆਰ ਕਰ ਕੇ ਲਾਗੂ ਕੀਤਾ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪ੍ਰਸਤ ਜਸਪਾਲ ਸਿੰਘ ਢਿੱਲੋਂ, ਵਿਸ਼ਾਲ ਰਾਮਬਾਣੀ, ਗਗਨ ਕੌਰ ਤੇਜਾ, ਹਰਿੰਦਰ ਸਿੰਘ ਖਹਿਰਾ, ਮਨੀਸ਼ ਸਰਹਿੰਦੀ, ਬਲਜਿੰਦਰ ਸ਼ਰਮਾ, ਪਰਮੀਤ ਸਿੰਘ, ਨਵਰਾਜਦੀਪ ਸਿੰਘ, ਅਮਰਜੀਤ ਸਿੰਘ ਵੜੈਚ, ਪਰਮਜੀਤ ਸਿੰਘ ਪਰਵਾਨਾ, ਨਵਦੀਪ ਢੀਂਡਰਾ, ਯੋਗੇਸ਼ ਧੀਰ, ਰਣਜੀਤ ਸਿੰਘ ਰਾਣਾ ਰੱਖੜਾ, ਆਤਿਸ਼ ਗੁਪਤਾ, ਗੁਲਸ਼ਨ ਕੁਮਾਰ ਸ਼ਰਮਾ, ਰਾਜੇਸ਼ ਅਗਰਵਾਲ, ਪ੍ਰਤਿਭਾ ਵਿਰਦੀ, ਰਾਮ ਸਿੰਘ ਬੰਗ, ਸੁੰਦਰ ਸ਼ਰਮਾ, ਸੁਖਵਿੰਦਰ ਸਿੰਘ, ਅਮਰਬੀਰ ਸਿੰਘ ਆਹਲੂਵਾਲੀਆ, ਕੰਵਰਇੰਦਰ ਸਿੰਘ, ਰਾਜੇਸ਼ ਸੱਚਰ, ਹਰਮੀਤ ਸੋਢੀ, ਅਨੂ ਅਲਬਰਟ, ਇੰਦਰਪ੍ਰੀਤ ਸਿੰਘ ਬਾਰਨ, ਜਗਤਾਰ ਸਿੰਘ, ਪ੍ਰੇਮ ਵਰਮਾ, ਰਾਜ ਕੁਮਾਰ, ਜਸਬੀਰ ਸਿੰਘ ਮੁਲਤਾਨੀ ਅਤੇ ਰਵਨੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ।