ਫਾਇਲ ਫੋਟੋ ਲਖਵੀਰ ਸਿੰਘ ਰਾਏ।
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ, 11 ਸਤੰਬਰ, 2017 : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਇੱਕ ਅਜਿਹਾ ਅਨਸਰ ਜਿਸਨੇ ਮਰਹੂੰਮ ਪੱਤਰਕਾਰ ਸ੍ਰੀਮਤੀ ਗੌਰੀ ਲੰਕੇਸ਼ ਲਈ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ ਹੈ, ਨੂੰ ਟਵਿੱਟਰ ਉਪਰ ਫੌਲੋ ਕਰਨਾ ਅਤੀ ਮੰਦਭਾਗਾ ਅਤੇ ਨਿੰਦਣਯੋਗ ਹੈ ਉਨ੍ਹਾਂ ਕਿਹਾ ਕਿ ਜਿੱਥੇ ਅਜਿਹੀ ਘਟਨਾ ਅਤੀ ਦੁੱਖਦਾਈ ਹੈ ਉੱਥੇ ਹੀ ਅਜਿਹੇ ਬੁਰੇ ਅਨਸਰਾਂ ਨੂੰ ਮਿਲੀ ਸਿਆਸੀ ਸ਼ਹਿ ਵੀ ਨਿੰਦਣਯੋਗ ਅਤੇ ਅਸਹਿ ਹੈ ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਪੱਤਰਕਾਰ ਬਚਾਊ ਕਨੂੰਨ ਪਾਸ ਕਰਨਾ ਚਾਹੀਦਾ ਹੈ ਤਾਂ ਕਿ ਪ੍ਰੈਸ ਦੀ ਅਜ਼ਾਦੀ ਉੱਪਰ ਹੋ ਰਹੇ ਹਮਲਿਆਂ ਨੂੰ ਨਕੇਲ ਪਾਈ ਜਾ ਸਕੇ।
ਉਨ੍ਹਾਂ ਕੰਨੜ ਅਖਬਾਰ ਦੀ ਸੰਪਾਦਕ ਸ੍ਰੀ ਮਤੀ ਗੌਰੀ ਲੰਕੇਸ਼ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕਰਦਿਆਂ ਕਿਹਾ ਕਿ ਅਜਿਹੀ ਬੁਲੰਦ ਅਵਾਜ਼ ਲੋਕਤੰਤਰ ਦੀ ਮਜਬੂਤੀ ਲਈ ਅਤੀ ਲੋੜੀਂਦੀ ਹੁੰਦੀ ਹੈ ਅਤੇ ਇੱਕ ਅਵਾਜ਼ ਬੰਦ ਹੋਣ ਨਾਲ ਕਈ ਅਜ਼ਾਦਾਨਾ ਅਵਾਜ਼ਾਂ ਹੋਰ ਪੈਦਾ ਹੁੰਦੀਆਂ ਹਨ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਗੌਰੀ ਲੰਕੇਸ਼ ਨੂੰ ਸ਼ਹੀਦ ਐਲਾਨਿਆ ਜਾਵੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਅਤੀ ਜਰੂਰੀ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਉਠਾਵੇਗੀ।