ਲੁਧਿਆਣਾ, 11 ਸਤੰਬਰ, 2017 : ਕਰਨਾਟਕਾ ਦੇ ਬੰਗਲੌਰ ਵਿਖੇ ਸੱਚ ਤੇ ਪਹਿਰਾ ਦੇਣ ਵਾਲੀ , ਨਿਧੱੜਕ ਪੱਤਰਕਾਰ ਗੌਰੀ ਲੰਕੇਸ਼ ਦੀ ਹੋਈ ਅਤਿ ਨਿੰਦਣਯੋਗ ਹੱਤਿਆ ਦੇ ਵਿਰੋਧ ਵਿਚ ਅੱਜ ਲੁਧਿਆਣਾ ਵਿਖੇ ਮਿੰਨੀ ਸਕੱਤਰੇਤ ਦੇ ਬਾਹਰ ਆਮ ਆਦਮੀ ਪਾਰਟੀ ਲੁਧਿਆਣਾ ਵਲੋਂ ਇੱਕ ਪ੍ਰਭਾਵਸ਼ਾਲੀ ਰੋਸ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ।
ਜਿਸ ਦੀ ਅਗਵਾੲੀ 'ਅਾਪ' ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਭੋਲਾ ਗਰੇਵਾਲ , ਸੂਬਾ ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ, ਲੁਧਿਆਣਾ ਦਿਹਾਤੀ ਦੇ ਪ੍ਰਧਾਨ ਰਣਜੀਤ ਸਿੰਘ ਧਮੋਟ, ਸੂਬਾ ਮੀਡੀਆ ਟੀਮ ਦੇ ਮੈਂਬਰ ਦਰਸ਼ਨ ਸਿੰਘ ਸ਼ੰਕਰ ਅਤੇ ਸੁਰੇਸ਼ ਗੋਇਲ ਨੇ ਕੀਤੀ ।
ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਵਲੰਟੀਅਰਾਂ ਨੂੰ ਸੰਬੋਧਨ ਕਰਦੇ ਸ. ਗਰੇਵਾਲ ਨੇ ਇਸ ਹੱਤਿਆ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਕਿਹਾ ਕਿ ਇਹ ਪ੍ਰੈਸ ਦੀ ਆਜ਼ਾਦੀ ਅਤੇ ਲੋਕਤੰਤਰ ਤੇ ਦੇਸ਼ ਵਿਰੋਧੀ ਫਿਰਕੂ ਤਾਕਤਾਂ ਵਲੋਂ ਕੀਤਾ ਘਾਤਕ ਹਮਲਾ ਹੈ ਜਿਸ ਨੇ ਸਮੁਚੇ ਦੇਸ਼ ਦੇ ਸਹੀ ਸੋਚ ਵਾਲੇ ਵਰਗ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਾਤਲਾਂ ਨੂੰ ਫ਼ੜਨ ਵਿਚ ਨਾਕਾਮ ਰਹੀ ਹੈ ਜਾਂ ਫਿਰ ਵਿਸ਼ੇਸ਼ ਜਾਂਚ ਟੀਮ ਦੀ ਆੜ ਵਿਚ ਅਪਰਾਧ 'ਚ ਸ਼ਾਮਿਲ ਦੋਸ਼ੀਆਂ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਕਿਸੇ ਵੀ ਸੂਰਤ ਵਿਚ ਇਨ੍ਹਾਂ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬੇ ਸਫਲ ਨਹੀਂ ਹੋਣ ਦੇਣਗੇ। ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਵਲੰਟੀਅਰ ਹੱਥਾਂ ਵਿਚ ਇਸ ਬਰਬਰਤਾ ਪੂਰਨ ਹੱਤਿਆ ਦੇ ਵਿਰੁਧ ਨਾਹਰਿਆਂ ਵਾਲੇ ਬੈਨਰ ਅਤੇ ਤਖਤੀਆਂ ਲੈ ਕੇ ਸਰਕਾਰ ਅਤੇ ਪ੍ਰਸਾਸ਼ਨ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਦੋਸ਼ੀਆਂ ਨੂੰ ਤੁਰੰਤ ਗਿ੍ਫਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਸ. ਗਰੇਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਹ ਦੇਸ਼ ਵਿਰੋਧੀ ਅਨਸਰ ਡਾ. ਨਰਿੰਦਰ ਦਭੋਲਕਰ, ਗੋਬਿੰਦ ਪੰਸਾਰੇ, ਪ੍ਰੋ. ਕਲਬਰਗੀ ਵਰਗੇ ਸਹੀ ਸੋਚ ਵਾਲੇ ਪਤਰਕਾਰਾਂ ਦੇ ਕਤਲ ਕਰ ਚੁੱਕੇ ਹਨ।
ਬਾਅਦ ਵਿਚ ਪਾਰਟੀ ਨੇਤਾਵਾਂ ਨੇ ਵਧੀਕ ਡਿਪਟੀ ਕਮਿਸ਼ਨਰ ਦੇ ਦਫਤਰ ਜਾ ਕੇ ਉਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਭੇਜਣ ਲਈ ਮੰਗ ਪਤਰ ਸੌਂਪਿਆ । ਇਸ ਸਮੇਂ ਹੋਰਨਾਂ ਤੋਂ ਇਲਾਵਾ ਜੀਵਨ ਸਿੰਘ ਸੰਗੋਵਾਲ, ਅਨਿਲ ਦੱਤ ਫੱਲੀ, ਗੁਰਪ੍ਰੀਤ ਸਿੰਘ ਲਾਪਰਾਂ, ਚੌਧਰੀ ਬਲਬੀਰ ਸਿੰਘ ਰਜਿੰਦਰਪਾਲ ਕੌਰ, ਮਾਸਟਰ ਹਰੀ ਸਿੰਘ , ਪਰਮਵੀਰ ਸਿੰਘ, ਪੁਨੀਤ ਸਾਹਨੀ, ਪੱਪੀ ਪ੍ਰਧਾਨ, ਰਵਿੰਦਰਪਾਲ ਸਿੰਘ ਪਾਲੀ, ਅਰੁਣਪਾਲ, ਸੁਖਵਿੰਦਰ ਸਿੰਘ , ਸੁਖਪਾਲ ਸਿੰਘ ਗਿੱਲ , ਹਰਿੰਦਰ ਸਿੰਘ , ਪਰਮਿੰਦਰ ਸਿੰਘ , ਹਰਬੰਸ ਕੌਰ, ਨੀਤੂ ਵੋਹਰਾ ਅਤੇ ਪ੍ਰੀਤਇੰਦਰ ਸਿੰਘ ਵੀ ਹਾਜ਼ਰ ਸਨ।