ਗੁਰਦਾਸਪੁਰ, 30 ਜੂਨ - ਕਈ ਦਿਨਾਂ ਤੋਂ ਜਿਥੇ ਪੰਜਾਬ ਪੁਲਿਸ ਨਸ਼ੇ ਵੇਚਣ ਦੇ ਮਾਮਲੇ ਕਾਰਨ ਵਿਵਾਦਾਂ ਵਿਚ ਘਿਰੀ ਨਜ਼ਰ ਆ ਰਹੀ ਹੈ, ਉਥੇ ਹੀ ਇੰਝ ਲੱਗ ਰਿਹੈ ਕਿ ਇਕ ਤੋਂ ਬਾਅਦ ਇਕ ਪਰਤਾਂ ਆਪਣੇ ਆਪ ਉੱਧੜ ਦੀਆਂ ਚਲੀਆਂ ਜਾ ਰਹੀਆਂ ਹਨ। ਪੰਜਾਬ ਪੁਲਿਸ ਅਧਿਕਾਰੀਆਂ 'ਤੇ ਨਸ਼ੇੜੀ ਬਣਾਉਣ ਦੇ ਸਵਾਲ ਅਜੇ ਮੁੱਕੇ ਨਹੀਂ ਸਨ ਕਿ ਅੱਜ ਦੋ ਹੋਰ ਪੁਲਿਸ ਅਧਿਕਾਰੀਆਂ 'ਤੇ ਨਸ਼ੇ ਦੀ ਸਮਗਲਿੰਗ ਕਰਨ ਦੇ ਦੋਸ਼ ਲੱਗੇ ਹਨ।
ਗੁਰਦਾਸਪੁਰ ਪੁਲਿਸ ਦੇ ਐਸ.ਐਚ.ੳ ਰਜਿੰਦਰ ਕੁਮਾਰ ਤੇ ਉਸਦਾ ਗੰਨਮੈਨ ਜਤਿੰਦਰ ਸਿੰਘ ਹੁਣ ਸਵਾਲਾਂ ਦੇ ਘੇਰੇ ਵਿਚ ਨੇ। ਇਹ ਜਾਣਕਾਰੀ ਦਾ ਖੁਲਾਸਾ ਹੋਇਆ ਫੇਸਬੁੱਕ ਪੋਸਟ ਰਾਹੀਂ , ਜਿਥੇ ਗੈਂਗਸਟਰ ਹੈਰੀ ਮਜੀਠਾ ਦੀ ਫੇਸਬੁੱਕ ਆਈ.ਡੀ 'ਤੇ ਇਨ੍ਹਾਂ ਦੋ ਅਧਿਕਾਰੀਆਂ ਦਾ ਜ਼ਿਕਰ ਕੀਤਾ ਗਿਆ ਹੈ। ਜਿਸ ਵਿਚ ਸਾਫ ਤੌਰ ਤੇ ਲਿਖਿਆ ਗਿਆ ਹੈ ਕਿ ਦੋਵੇਂ ਪੁਲਿਸ ਮੁਲਾਜ਼ਮ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਚ ਪਿਛਲੇ ੫ ਸਾਲ ਤੋਂ ਚਿੱਟੇ ਦੀ ਸਮਗਲਿੰਗ ਕਰਦੇ ਆ ਰਹੇ ਹਨ। ਇਸ ਪੋਸਟ 'ਚ ਉਨ੍ਹਾਂ ਕਿਹਾ ਕਿ ਐਸ.ਐਸ.ਪੀ ਗੁਰਦਾਸਪੁਰ ਵੱਲੋਂ ਦੋਵਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਕ ਜੀਤਾ ਨਾਮਕ ਨੌਜਵਾਨ ਨੇ ਗ੍ਰਿਫਤਾਰੀ ਤੋਂ ਬਾਅਦ ਕਬੂਲਿਆ ਹੈ ਕਿ ਉਹ ਅਤੇ ਦੋਵੇਂ ਪੁਲਿਸ ਅਧਿਕਾਰੀ ਨਸ਼ੇ ਵੇਚਦੇ ਸਨ।
ਮਿਲੀ ਜਾਣਕਾਰੀ ਅਨੁਸਾਰ ਇਸ ਜੀਤਾ ਨਾਮਕ ਨੌਜਵਾਨ ਨੇ ਕਿਹਾ ਕਿ ਉਹ ਹੁਣ ਤਕ 2 ਤੋਂ 3 ਕਰੋੜ ਦਾ ਸਮਾਨ ਵੇਚ ਕੇ ਉਨ੍ਹਾਂ ਨੂੰ ਪੈਸੇ ਦੇ ਚੁੱਕਾ ਹੈ। ਉਥੇ ਹੀ ਅੇਸਐਚੳ ਦੇ ਘਰੋਂ ਨਸ਼ਾ ਬਰਾਮਦ ਹੋਣ ਦਾ ਵੀ ਜ਼ਿਕਰ ਕੀਤਾ ਗਿਆ ਪਰ ਪੁਲਿਸ 'ਚ ਹੋਣ ਕਾਰਨ ਉਸਨੇ ਆਪਣੇ 'ਤੇ ਕੇਸ ਨਹੀਂ ਪੈਣ ਦਿੱਤਾ। ਇਸ ਪੋਸਟ ਰਾਹੀਂ ਐਸਐਸਪੀ ਗੁਰਦਾਸਪੁਰ ਨੂੰ ਐਸਐਚੳ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ।