ਅੰਮ੍ਰਿਤਸਰ, 4 ਜੁਲਾਈ- ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਵੱਲੋਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਗੈਂਗ ਨੂੰ ਫੜ ਲਿਆ ਗਿਆ। ਅੰਮ੍ਰਿਤਸਰ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ (ਐਸ.ਐਸ.ਓ.ਸੀ) ਨੇ ਅੰਮ੍ਰਿਤਸਰ ਦੇ ਵਾਸੀ 3 ਵਿਅਕਤੀਆਂ, ਧੀਰ ਸਿੰਘ, ਹਰਜਿੰਦਰ ਸਿੰਘ ਅਤੇ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
ਐਸ.ਐਸ.ਓ.ਸੀ ਨੇ 3 ਕਿੱਲੋ ਦੇ ਲਗਭਗ 3 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ । ਇਸ ਸਬੰਧ ਵਿਚ, ਦੋਸ਼ੀਆਂ ਖਿਲਾਫ ਐਫ.ਆਈ.ਆਰ. ਨੰ. 18 u / s 21/25/29/61/85 ਐਨ.ਡੀ.ਪੀ.ਐੱਸ.ਏ. ਅਧੀਨ ਪੁਲਿਸ ਥਾਣੇ ਐਸਐਸਓਸੀ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਧੀਰ ਸਿੰਘ ਨੇ ਫੇਸਬੁੱਕ ਰਾਹੀਂ ਪਿੰਡ ਦੁਆਡ ਭਾਨੀ (ਪਾਕਿਸਤਾਨ) ਦੇ ਇਕ ਫੈਜ਼ਲ ਨਾਮੀ ਵਿਅਕਤੀ ਨਾਲ ਦੋਸਤੀ ਕੀਤੀ। ਦੋਵੇਂ ਕਬੂਤਰਾਂ ਦੀਆਂ ਬਾਜ਼ੀਆਂ ਦੇ ਸ਼ੌਕੀਨ ਦੱਸੇ ਜਾ ਰਹੇ ਹਨ ਜਿਸ ਕਾਰਨ ਧੀਰ ਸਿੰਘ ਅਤੇ ਫੈਜ਼ਲ ਦੋਵਾਂ ਨੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਇਕ ਦੂਜੇ ਨਾਲ ਸੰਪਰਕ ਕੀਤਾ। ਫੈਜ਼ਲ ਨੇ ਧੀਰ ਸਿੰਘ ਨੂੰ ਹੌਲੀ ਹੌਲੀ ਡਰੱਗ ਸਮਗਲਿੰਗ ਦੇ ਵਪਾਰ ਵਿਚ ਸ਼ਾਮਲ ਕਰ ਲਿਆ ਸੀ। ਧੀਰ ਸਿੰਘ ਨੇ ਆਪਣੇ ਰਿਸ਼ਤੇਦਾਰ ਹਰਜਿੰਦਰ ਸਿੰਘ ਅਤੇ ਉਸ ਦੇ ਦੋਸਤ ਗਗਨਦੀਪ ਸਿੰਘ ਨੂੰ ਅੱਗੇ ਇਸ ਧੰਦੇ ਵਿਚ ਜੋੜ ਲਿਆ। ਉਹ ਦੋਵੇਂ ਵੀ ਪੈਸੇ ਦੀ ਖ਼ਾਤਰ ਤਸਕਰੀ ਵਿਚ ਸ਼ਾਮਲ ਹੋ ਗਏ ਸਨ।
ਸ਼ੁਰੂਆਤੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਹੈਰੋਇਨ ਦੀ ਸਮਗਲਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ 2, 3 ਜੁਲਾਈ 2018 ਦੀ ਅੱਧੀ ਰਾਤ ਨੂੰ ਇਸ ਖੇਪ ਨੂੰ ਪਾਰ ਕਰਨ ਵਿਚ ਕਾਮਯਾਬ ਹੋ ਗਏ ਸਨ। ਉਸ ਰਾਤ ਇੰਨ੍ਹਾਂ ਵੱਲੋਂ ਖਰਾਬ ਮੌਸਮ ਦਾ ਫਾਇਦਾ ਉਠਾਇਆ ਗਿਆ। ਫੜੇ ਗਏ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ਤੇ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
ਇਸ ਗਰੋਹ ਦੇ ਕਾਰਜ ਨੂੰ ਬੀਐਸਐਫ ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਤਾਂ ਜੋ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕੇ ਜਾ ਸਕਣ। ਇੰਡੋ-ਪਾਕਿ ਸਰਹੱਦ ਤੋਂ ਹੈਰੋਇਨ ਦੀ ਨਿਰੰਤਰ ਬਰਾਮਦਗੀ ਤੋਂ ਪਤਾ ਲੱਗਦਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਸਰਗਰਮੀਆਂ ਦੇ ਸੰਬੰਧ ਵਿਚ ਪੰਜਾਬ ਦੀ ਸਰਗਰਮੀ ਲਗਾਤਾਰ ਜਾਰੀ ਹੈ।