ਸੰਗਰੂਰ, 10 ਜੁਲਾਈ - ਡਰੱਗ ਸਮਗਲਰਾਂ 'ਤੇ ਲਗਾਤਾਰ ਪੰਜਾਬ ਪੁਲਿਸ ਨਕੇਲ ਕਸਦੀ ਨਜ਼ਰ ਆ ਰਹੀ ਹੈ। ਜਿਸ ਦੇ ਚਲਦਿਆਂ ਸੰਗਰੂਰ ਪੁਲਿਸ ਹੱਥ ਵੱਡੀ ਸਫ਼ਲਤਾ ਲੱਗੀ। ਪੁਲਿਸ ਨੇ ਤਿੰਨ ਬਾਜ਼ੀਗਰ ਬਸਤੀ ਧੂਰੀ ਅਤੇ 1 ਨਾਭਾ ਵਾਸੀ, ਕੁੱਲ 4 ਵਿਅਕਤੀਆਂ ਨੂੰ 900 ਗ੍ਰਾਮ ਹੈਰਇਨ ਅਤੇ ਇਕ ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕੀਤਾ ਗਿਆ ਹੈ। ਦੋਸ਼ੀ ਦਿੱਲੀ ਦੇ ੳੱਤਮ ਨਗਰ 'ਚ ਰਹਿ ਰਹੇ ਇਕ ਅਫਰੀਕੀ ਨਾਗਰਿਕ ਪਾਸੋਂ 11 ਲੱਖ ਦੀ ਡਰੱਗ ਲਿਆ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਛੋਟੀ ਮਾਤਰਾ ਵਿਚ ਲੋਕਲ ਨਸ਼ੇ ਦੇ ਆਦੀਆਂ ਨੂੰ ਵੇਚਦੇ ਸਨ।
ਇਹ ਡਰੱਗ ਤਸਕਰ ਡਰੱਗ ਵੇਚ ਕੇ ਮਕਾਨ ਅਤੇ ਲਗਜ਼ਰੀ ਗੱਡੀਆਂ ਵੀ ਖਰੀਦ ਚੁੱਕੇ ਹਨ। ਸਖ਼ਤ ਕਾਰਵਾਈ ਕਰਦਿਆਂ ਅਤੇ ਡਰੱਗ ਵੇਚਣ ਵਾਲਿਆਂ ਨੂੰ ਸਖ਼ਤ ਸੁਨੇਹਾ ਦੇਣ ਲਈ ਸੰਗਰੂਰ ਪੁਲਿਸ ਨੇ ਗੈਰ ਕਾਨੂੰਨੀ ਢੰਗ ਨਾਲ ਡਰੱਗ ਵੇਚ ਕੇ ਖਰੀਦੀਆਂ ਘਰੇਲੂ ਵਸਤਾਂ ਅਤੇ ਵਾਹਨਾਂ ਨੂੰ ਵੀ ਜ਼ਬਤ ਕਰ ਲਿਆ ਹੈ। ਜਿਸ 'ਚ ਇਕ ਅਲਟੋ ਕਾਰ, 2 ਮੋਟਰਸਾਈਕਲ, 2 ਸਕੂਟਰ, 2 ਫਰਿੱਜ਼ਾਂ, 3 ਵਾਸ਼ੀੰਗ ਮਸ਼ੀਨਾਂ, 2 ਕੂਲਰ, 2 ਐਲ.ਸੀ.ਡੀ, 15 ਗੈਸ ਸਿਲੰਡਰ, 2 ਸਟੀਲ ਅਲਮਾਰੀਆਂ, 1 ਡਬਲ ਬੈੱਡ, 1 ਸੋਫਾ ਸੈੱਟ ਆਦਿ ਸੰਗਰੂਰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਹੋਰ ਜਾਣਕਾਰੀ ਅਤੇ ਡਰੱਗ ਸਮਗਲਰ ਅਫਰੀਕਨ ਬਾਬਤ ਜਾਣਕਾਰੀ ਹਾਸਲ ਕਰਨ ਲਈ ਪੁਲਸ ਦੋਸ਼ੀਆਂ ਨੂੰ ਰਿਮਾਂਡ 'ਤੇ ਲਵੇਗੀ।