ਮੋਗਾ, 20 ਜੁਲਾਈ 2018 - ਜ਼ਿਲ੍ਹਾ ਐਸਐਸਪੀ ਗੁਰਪ੍ਰੀਤ ਸਿੰਘ ਤੂਰ ਵੱਲੋਂ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਬਹੁਤ ਹੀ ਜਲਦ ਮੋਗਾ 'ਚੋਂ ਨਸ਼ਾ ਅਤੇ ਸਮਗਲਰਾਂ ਨੂੰ ਕਾਬੂ ਕਰਨ ਦਾ ਬਿਆਨ ਦਿੱਤਾ ਗਿਆ ਸੀ। ਜਿਸ 'ਤੇ ਉਨ੍ਹਾਂ ਵੱਲੋਂ ਕਾਫੀ ਹੱਦ ਤਕ ਨਸ਼ੇ ਖਿਲਾਫ ਵਿੱਢੀ ਮੁਹਿੰਮ ਤਹਿਤ ਕਾਬੂ ਪਾਇਆ ਵੀ ਜਾ ਰਿਹਾ ਹੈ।
ਬੀਤੇ ਦਿਨ ਐਸਐਸਪੀ ਗੁਰਪ੍ਰੀਤ ਤੂਰ ਵੱਲੋਂ ਮੋਗਾ ਜ਼ਿਲ੍ਹੇ ਵਿਚ ਐਨਡੀਪੀਐਸ ਐਕਟ ਦੇ ਤਹਿਤ 42 ਡਰੱਗ ਸਮਗਲਰਾਂ ਦੀ ਕਰੀਬ 11ਕਰੋੜ ਅਤੇ 29 ਹੋਰ ਸਮਗਲਰਾਂ ਦੀ ਕਰੀਬ ੬ ਕਰੋੜ ਦੀ ਜ਼ਾਇਦਾਦ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਐਸਐਸਪੀ ਤੂਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 73 ਡਰੱਗ ਸਮਗਲਰਾਂ ਦੀ ਨਸ਼ਾ ਸਮਗਲਿੰਗ ਕਰਕੇ ਬਣਾਈਆਂ ਜਾਇਦਾਦਾਂ ਦੇ ਵੇਰਵੇ ਇਕੱਠੇ ਕਰਕੇ ਕੇਂਦਰ ਸਰਕਾਰ ਦੇ 'ਸਮਗਲਰਜ਼ ਐਂਡ ਫੌਰਗਿਨ ਐਕਸਚੇਂਜ ਮਨੀਪੁਲੇਟਰਜ਼ ਵਿਭਾਗ' ਨਵੀਂ ਦਿੱਲੀ ਨੂੰ ਭੇਜ ਦਿੱਤੇ ਗਏ ਹਨ। ਜਿੰਨ੍ਹਾਂ 'ਚੋਂ 42 ਤਸਕਰਾਂ ਦੀ 11 ਕਰੋੜ ਰੁਪਏ ਦੀ ਜਾਇਦਾਦ ਅਟੈਚ ਕਰ ਲਈ ਗਈ ਹੈ। ਉਨ੍ਹਾ ਦੱਸਿਆ ਕਿ ਹੁਣ ਉਹ ਅਦਾਲਤ ਦੀ ਆਗਿਆ ਤੋਂ ਬਗੈਰ ਜਾਇਦਾਦ ਵੇਚ ਜਾਂ ਕਿਸੇ ਹੋਰ ਦੇ ਨਾਂਅ ਤਬਦੀਲ ਨਹੀਂ ਕਰ ਪਾਉਣਗੇ।
ਗੁਰਪ੍ਰੀਤ ਤੂਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਪੂਰੀ ਸਤਰਕ ਹੋ ਕੇ ਨਸ਼ਾ ਵੇਚਣ ਵਾਲਿਆਂ ਦੀ ਭਾਲ ਵਿਚ ਜੁਟੀ ਹੈ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਦੇ ਵੇਰਵੇ ਵੀ ਇਕੱਠੇ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਤੋਂ ਨਸ਼ੇ ਦੇ ਵਪਾਰ ਨਾਲ ਬਣਾਈਆਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਥਾਣਾ ਕੋਟ ਈਸੇ ਖਾਂ ਅਧੀਨ ਡਰੱਗ ਸਮਗਲਿੰਗ ਲਈ ਮਸ਼ਹੂਰ ਪਿੰਡ ਦੌਲਵਾਲਾ ਦੇ ਸਭ ਤੋਭ ਵੱਧ ਡਰੱਗ ਸਮਗਲਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਹੋਈ ਹੈ।