ਮਹਿਲ ਕਲਾਂ, 10 ਜੁਲਾਈ - ਪਿੰਡ ਮਹਿਲ ਖ਼ੁਰਦ (ਬਰਨਾਲਾ) ਦੇ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ 11ਵਜੇ ਸੁਖਦੀਪ ਸਿੰਘ (28) ਪੁੱਤਰ ਰਣਜੀਤ ਸਿੰਘ ਅਤੇ ਜਸਵਿੰਦਰ ਸਿੰਘ (23) ਪੁੱਤਰ ਜਗਰਾਜ ਸਿੰਘ ਦੋਵੇਂ ਵਾਸੀ ਮਹਿਲ ਖ਼ੁਰਦ ਦੀਆ ਲਾਸ਼ਾਂ ਅਨਾਜ ਮੰਡੀ ਮਹਿਲ ਕਲਾਂ ਵਿਚਲੇ ਸ਼ਰਾਬ ਦੇ ਠੇਕੇ ਨੇੜਿਉਂ ਬਰਾਮਦ ਹੋਈਆਂ। ਮ੍ਰਿਤਕ ਨੌਜਵਾਨਾਂ ਕੋਲੋਂ ਵਰਤੀਆਂ ਹੋਈਆਂ ਸਰਿੰਜਾਂ ਵੀ ਬਰਾਮਦ ਹੋਈਆਂ। ਦੋਵੇਂ ਮ੍ਰਿਤਕ ਨੌਜਵਾਨ ਮਾਪਿਆਂ ਦੇ ਇਕਲੌਤੇ ਪੁੱਤਰ ਦੱਸੇ ਜਾ ਰਹੇ ਨੇ।
ਪਰਿਵਾਰ ਵਾਲਿਆਂ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਮਹਿਲ ਕਲਾਂ ਵਿਖੇ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਮਿਰਤਕ ਐਲਾਨ ਦਿੱਤਾ। ਇਸ ਸਬੰਧੀ ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਮਿ੍ਰਤਕ ਸੁਖਦੀਪ ਸਿੰਘ ਦਾ ਡੇਢ ਕੁ ਸਾਲ ਪਹਿਲਾ ਬਰਨਾਲਾ ਦੀ ਜਸਵੀਰ ਕੌਰ ਨਾਲ ਹੋਇਆ ਸੀ ਤੇ ਉਹ ਖੇਤੀ ਬਾੜੀ ਦਾ ਕੰਮ ਕਰਦਾ ਸੀ ਅਤੇ ਇਸ ਦੇ ਕੋਈ ਔਲਾਦ ਨਹੀ ਸੀ। ਉਨ੍ਹਾਂ ਦੱਸਿਆਂ ਕਿ ਦੂਸਰੇ ਲੜਕੇ ਜਸਵਿੰਦਰ ਸਿੰਘ ਦਾ ਵਿਆਹ ਖਿਆਲੀ ਦੀ ਕਮਲਪ੍ਰੀਤ ਕੌਰ ਨਾਲ ਹੋਇਆ ਸੀ ਜਿਸ ਦੇ ਇੱਕ ਡੇਢ ਸਾਲ ਦਾ ਪੁੱਤਰ ਹੈ। ਜਿਕਰਯੋਗ ਹੈ ਕਿ ਉਕਤ ਘਟਨਾ ਜਿਸ ਜਗਾਂ ਤੇ ਵਾਪਰੀ ਉਸ ਜਗਾਂ ਤੋਂ ਡੀ ਐਸ ਪੀ ਦਫ਼ਤਰ ਮਹਿਲ ਕਲਾਂ ਮਹਿਜ 15-20 ਫੁੱਟ ਦੀ ਦੂਰੀ ਤੇ ਹੈ। ਇਥੋਂ ਇਹ ਸਿੱਧ ਹੰੁਦਾ ਹੈ ਕਿ ਨਸੇੜੀ ਪੁਲਸ ਤੋਂ ਡਰਦੇ ਹੋਏ ਨਾ ਦਫ਼ਤਰ ਦੇ ਨਜ਼ਦੀਕ ਬੈਠ ਕੇ ਟੀਕੇ ਲਗਾ ਰਹੇ ਸਨ। ਜਿਸ ਕਰਕੇ ਚਿੱਟੇ ਵਰਗੇ ਨਸ਼ਿਆਂ ਦਾ ਸੇਵਨ ਕਰਨ ਵਾਲੇ ਨਸ਼ੇੜੀਆ ਨੂੰ ਪੁਲਸ ਦਾ ਕੋਈ ਡਰ ਨਹੀ ਰਿਹਾ। ਇਹ ਪੁਲਸ ਦੀ ਕਾਰਗੁਜ਼ਾਰੀ ਤੇ ਵੀ ਸਵਾਲੀਆਂ ਚਿੰਨ੍ਹ ਲਗਾ ਰਹੇ ਹਨ।
ਕੀ ਕਹਿੰਦੇ ਨੇ ਪੁਲਸ ਅਧਿਕਾਰੀ:-
ਕੀ ਕਹਿੰਦੇ ਨੇ ਥਾਣਾ ਮੁਖੀ :- ਥਾਣਾ ਮਹਿਲ ਕਲਾਂ ਦੇ ਮੁਖੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ 174 ਦੀ ਕਾਰਵਾਈ ਕੀਤੀ ਗਈ ਹੈ ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਅਗਰ ਜਾਂਚ ਦੌਰਾਨ ਕੋਈ ਦੋਸੀ ਪਾਇਆ ਗਿਆ ਤਾਂ ਉਸ ਵਿਰੱੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੀ ਕਹਿੰਦੇ ਹਲਕਾ ਵਿਧਾਇਕ :- ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਚਿੱਟੇ ਵਰਗੇ ਨਸ਼ਿਆਂ ਪ੍ਰਤੀ ਸਰਕਾਰ ਗੰਭੀਰ ਨਹੀ ਹੈ। ਜੇਕਰ ਸਰਕਾਰ ਤੇ ਪੁਲਸ ਪ੍ਰਸ਼ਾਸਨ ਚਾਹੇ ਤਾਂ ਨਸੇ ਨੂੰ ਠੱਲ੍ਹ ਪੈ ਸਕਦੀ ਹੈ।