ਸੰਗਰੂਰ, 5 ਜੁਲਾਈ - ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਨਸ਼ੇ ਵਿਚ ਧੁੱਤ ਇੱਕ ਪੁਲਿਸ ਵਾਲੇ ਦੀ ਜ਼ਮੀਨ 'ਤੇ ਪਏ ਦੀ ਵੀਡੀੳ ਵਾਇਰਲ ਹੋਈ ਸੀ। ਜਿਸਦੀ ਪਹਿਚਾਣ ਸੰਗਰੂਰ ਪੁਲਿਸ ਲਾਈਨ 'ਚ ਤਾਇਨਾਤ ਬਤੌਰ ਹੈੱਡ ਕਾਂਸਟੇਬਲ ਬਹਾਦਰ ਸਿੰਘ ਨੰ. 493/SGR ਵਜੋਂ ਹੋਈ ਹੈ। ਬਹਾਦਰ ਸਿੰਘ ਨੂੰ ਉਸਦੇ ਮੋਟਰਸਾਈਕਲ ਸਮੇਤ ਵੀਡੀੳ ਵਿਚ ਦੇਖਿਆ ਗਿਆ। ਵੀਡੀੳ ਵਾਇਰਲ ਹੋਣ ਤੋਂ ਤੁਰੰਤ ਬਾਅਦ ਹੀ ਉਸਦੇ ਸਸਪੈਂਸ਼ਨ ਆਰਡਰ ਕੱਢ ਦਿੱਤੇ ਗਏ ਸਨ। ਉਸ ਖਿਲਾਫ ਡਿਪਾਰਟਮੈਂਟਲ ਇਨਕੁਆਰੀ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਗੱਲ ਦੀ ਜਾਣਾਕਰੀ ਸੰਗਰੂਰ ਐਸ.ਐਸ.ਪੀ ਮਨਦੀਪ ਸਿੱਧੂ ਵੱਲੋਂ ਦਿੱਤੀ ਗਈ।
ਡੀ.ਐਸ.ਪੀ ਸੁਨਾਮ ਨੂੰ ਬਤੌਰ ਇਨਕੁਆਰੀ ਅਫਸਰ ਲਗਾਇਆ ਗਿਆ ਹੈ। ਇਸਤੋਂ ਇਲਾਵਾ ਬਹਾਦਰ ਸਿੰਘ ਪੁਲਿਸ ਦੀ ਵਰਦੀ ਵਿਚ ਨਸ਼ੇ ਦੀ ਹਾਲਤ ਵਿਚ ਮੋਟਰਸਾਈਕਲ ਚਲਾਉਂਦਾ ਪਾਇਆ ਗਿਆ ਅਤੇ ਜਿਸਦੇ ਅਧਾਰ 'ਤੇ ਬਹਾਦਰ ਸਿੰਘ ਖਿਲਾਫ ਡਰੰਕਨ ਡਰਾਇਵਿੰਗ ਦੇ ਕੇਸ ਤਹਿਤ ਅੱਜ ਸੰਗਰੂਰ ਸਦਰ ਥਾਣੇ ਵਿਚ ਐਫ.ਆਈ.ਆਰ ਵੀ ਦਰਜ ਕਰ ਲਈ ਗਈ ਹੈ।