ਅਸ਼ੋਕ ਵਰਮਾ
ਬਠਿੰਡਾ,9ਮਾਰਚ2021:ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਵਿੱਤ ਮੰਤਰੀ ਮਨਪ੍ਰਪਤ ਸਿੰਘ ਬਾਦਲ ਵੱਲੋਂ ਸੋਮਵਾਰ ਨੂੰ ਵਿਧਾਨ ਸਭਾ ’ਚ ਪੇਸ਼ ਕੀਤੇ ਸਾਲ 2021-22 ਦੇ ਸਲਾਨਾ ਬਜਟ ਨੂੰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਧੋਖਾ ਕਰਾਰ ਦਿੰਦਿਆਂ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਹੈ ਕਿ ਬਜਟ ‘ਚ ਮਾਣ ਭੱਤਾ ਨਾਂ ਵਧਾਉਣ ਅਤੇ ਬਾਲਾਂ ਦੀ ਭਲਾਈ ’ਚ ਲੱਗੀਆਂ 54 ਹਜਾਰ ਦੇ ਕਰੀਬ ਔਰਤਾਂ ਨੂੰ ਅਣਗੌਲਿਆਂ ਕਰਨ ਕਾਰਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਵਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੂਰੀ ਉਮੀਦ ਸੀ ਕਿ ਉਨ੍ਹਾਂ ਦੇ ਮਾਣ ਭੱਤੇ ਵਿਚ ਵਾਧਾ ਕੀਤਾ ਜਾਏਗਾ ਪਰ ਪੰਜਾਬ ਸਰਕਾਰ ਵੱਲੋਂ ਇਸ ਮਸਲੇ ਨੂੰ ਰੱਦੀ ਦੀ ਟੋਕਰੀ ’ਚ ਸੁੱਟ ਕੇ ਉਨ੍ਹਾਂ ਨਾਲ ਧਰੋਹ ਕਮਾਇਆ ਹੈ।
ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਕੁਝ ਦੇਣ ਦੀ ਬਜਾਏ ਉਲਟਾ ਅਕਤੂਬਰ 2018 ਵਿੱਚ ਕੇਂਦਰ ਸਰਕਾਰ ਵੱਲੋਂ ਵਧਾਏ ਪੈਸੇ ਉਹ ਵੀ ਨੱਪੀ ਬੈਠੀ ਹੈ ਅਤੇ ਬਜਟ ’ਚ ਇਸ ਰਾਸ਼ੀ ਨੂੰ ਅਦਾ ਕਰਨ ਬਾਰੇ ਵੀ ਚੁੱਪ ਧਾਰ ਲਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨੇ ਕੱੁਝ ਦਿਨ ਪਹਿਲਾਂ ਜੱਥੇਬੰਦੀ ਦੇ ਆਗੂਆਂ ਦੀ ਮੀਟਿੰਗ ਬੁਲਾ ਕੇ ਇਹ ਭਰੋਸਾ ਦਿਵਾਇਆ ਸੀ ਕਿ ਬੱਜਟ ਸੈਸ਼ਨ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਨ ਦੇ ਨਾਲ ਨਾਲ ਉਨ੍ਹਾਂ ਹੋਰ ਮੰਗਾਂ ਵੀ ਮੰਨੀਆਂ ਜਾਣਗੀਆਂ । ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰੇ ਤੇ ਉਨ੍ਹਾਂ ਦੇ ਮਾਣ ਭੱਤੇ ਵਿੱਚ ਹਰਿਆਣਾ ਪੈਟਰਨ ਤੇ ਵਾਧਾ ਕਰੇ ਨਹੀਂ ਤਾਂ ਜਥੇਬੰਦੀ ਆਪਣੇ ਸੰਘਰਸ਼ ਨੂੰ ਤੇਜ ਕਰਦਿਆਂ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਵੇਗੀ।