- ਢੀਂਡਸਾ ਨੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ
ਚੰਡੀਗੜ੍ਹ, 27 ਜਨਵਰੀ 2021 - ਦਿੱਲੀ ਵਿਚ ਵਾਪਰੀ ਹਿੰਸਾਤਮਕ ਘਟਨਾ ਨੂੰ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਮੰਦਭਾਗਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਦੇਸ਼ ਵਿੱਚ ਅਮਨ-ਚੈਨ, ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖਣਾ ਕੇਂਦਰ ਸਰਕਾਰ ਦੀ ਜਿੰਮੇਵਾਰੀ ਹੈ। ਇਸਲਈ ਕੇਂਦਰ ਨੂੰ ਫੌਰੀ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਲਗਪਗ ਚਾਰ ਮਹੀਨਿਆਂ ਤੋਂ ਕਿਸਾਨ ਇਸ ਅੰਦੋਲਨ ਨੂੰ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਬੜੇ ਹੀ ਸ਼ਾਂਤਮਈ ਢੰਗ ਨਾਲ ਅੱਗੇ ਵਧਾ ਰਹੇ ਹਨ ਅਤੇ ਇਸੇ ਕਾਰਨ ਕਿਸਾਨ ਅੰਦੋਲਨ ਨੂੰ ਹਰ ਪਾਸੇ ਤੋਂ ਹੁੰਗਾਰਾ ਮਿਲ ਰਿਹਾ ਹੈ ਅਤੇ ਦੇਸ਼ ਵਿਆਪੀ ਅੰਦੋਲਨ ਕਈਂ ਮਾਇਨਿਆਂ ਵਿੱਚ ਇਤਿਹਾਸ ਸਿਰਜ ਰਿਹਾ ਹੈ। ਟਰੈਕਟਰ ਪਰੇਡ ਦੌਰਾਨ ਹੋਈ ਹਿਸੰਕ ਘਟਨਾ ਦਾ ਜ਼ਿਕਰ ਕਰਦਿਆਂ ਸ: ਢੀਂਡਸਾ ਨੇ ਕਿਹਾ 26 ਜਨਵਰੀ ਨੂੰ ਵੀ ਸੰਘਰਸ਼ੀਲ ਕਿਸਾਨ ਜੱਥੇਬੰਦੀਆਂ ਵਲੋਂ ਇਸਨੂੰ ਸ਼ਾਂਤਮਈ ਰੱਖਣ ਦਾ ਅਹਿਦ ਲਿਆ ਗਿਆ ਸੀ ਅਤੇ ਕਿਸਾਨਾਂ ਨੂੰ ਟਰੈਕਟਰ ਪਰੇਡ ਦੌਰਾਨ ਅਨੁਸਾਸ਼ਨ ਵਿਚ ਰਹਿਣ ਦੀ ਅਪੀਲ ਕੀਤੀ ਗਈ ਸੀ ਪਰ ਇਸ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਨੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਹੁਣ ਤਕ ਇਸ ਅੰਦੋਲਨ ਨੂੰ ਬਹੁਤ ਹੀ ਸੁੱਚਜੇ ਢੰਗ ਨਾਲ ਅੱਗੇ ਵਧਾ ਰਹੀ ਹਨ ਅਤੇ ਉਨ੍ਹਾਂ ਦੀਆਂ ਕੀਤੀ ਜਾ ਰਹੀਆਂ ਕੋਸ਼ਿਸ਼ਾਂ ਦੇ ਸਦਕਾ ਹੀ ਇਸ ਸੰਘਰਸ਼ ਵਿਚ ਦੀ ਜਿੱਤ ਯਕੀਨੀ ਜਾਪਣ ਲੱਗ ਪਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਹੁਣ ਤਕ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰ ਦਿੰਦੀ ਤਾਂ ਅਜਿਹੀ ਨੌਬਤ ਕਦੇ ਨਹੀਂ ਆਉਣੀ ਸੀ ਅਤੇ ਅੰਦੋਲਨ ਨੂੰ ਤਾਰਪੀਡੋ ਕਰਨ ਵਾਲੇ ਗਲਤ ਅਨਸਰਾਂ ਨੂੰ ਅਜਿਹਾ ਕੰਮ ਕਰਨ ਦਾ ਮੌਕਾ ਵੀ ਨਹੀਂ ਮਿਲਣਾ ਸੀ। ਪਰ ਸਰਕਾਰ ਨੇ ਹੁਣ ਤਕ ਕਿਸਾਨਾਂ ਦੀਆਂ ਵਾਜਬ ਮੰਗਾ ਨਾ ਮੰਨ ਕੇ ਇਸ ਅੰਦੋਲਨ ਦੇ ਹਿੰਸਾਤਮਕ ਹੋਣ ਦੀ ਉਡੀਕ ਕੀਤੀ ਹੈ। ਸ:ਢੀਂਡਸਾ ਨੇ ਕਿਸਾਨਾਂ ਨੂੰ ਸੰਜਮ ਵਰਤਣ ਅਤੇ ਕਿਸਾਨ ਜੱਥੇਬੰਦੀਆਂ ਵਲੋਂ ਜਾਰੀ ਕੀਤੀਆਂ ਹਿਦਾਇਤਾਂ ਨੂੰ ਜਿਉਂ ਦੀ ਤਿਉਂ ਪਾਲਣ ਕਰਨ ਲਈ ਕਿਹਾ ਹੈ ਤਾਂਕਿ ਅੰਦੋਲਨ ਵਿਚ ਕਿਸਾਨਾਂ ਨੂੰ ਕਾਮਯਾਬੀ ਹਾਸਿਲ ਹੋ ਸਕੇ।