- ਲਾਲ ਕਿਲੇ ਦੀ ਹਿੰਸਾ ’ਚ ਆਮ ਆਦਮੀ ਪਾਰਟੀ ਦੀ ਭੂਮਿਕਾ ਦਾ ਪਰਦਾਫਾਸ਼, ਅਮਰੀਕ ਵੱਲੋਂ ਅਧਿਕਾਰਤ ਤੌਰ ’ਤੇ ਪਾਰਟੀ ’ਚ ਸ਼ਮੂਲੀਅਤ ਕੀਤੇ ਜਾਣ ਦੀ ਫੇਸਬੁੱਕ ਵੀਡੀਓ/ਤਸਵੀਰ ਸਾਹਮਣੇ ਆਉਣ ਮਗਰੋਂ ਜਾਖੜ ਨੇ ‘ਆਪ’ ਨੂੰ ਕਿਹਾ ਗੱਦਾਰ
- ਚੋਣ ਕਮਿਸ਼ਨ ਨੂੰ ਗੁੰਡਿਆਂ, ਅਪਰਾਧੀਆਂ ਤੇ ਝੂਠਿਆਂ ਦੀ ਪਾਰਟੀ ਦੀ ਮਾਨਤਾ ਰੱਦ ਕਰਨ ਦੀ ਅਪੀਲ, ਕਿਹਾ ਕੇਜਰੀਵਾਲ ਨੂੰ ਦਿੱਲੀ ਦੇ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ
- ਕੈਪਟਨ ਅਮਰਿੰਦਰ ਸਿੰਘ ਖਿਲਾਫ ਆਪ ਅਤੇ ਭਾਜਪਾ ਦੇ ਬੇ-ਬੁਨਿਆਦ ਝੂਠ ਨੇ ਦੋਵਾਂ ਪਾਰਟੀਆਂ ਦੀ ਗੰਢਤੁੱਪ ਤੇ ਫੜੇ ਜਾਣ ਉੱਤੇ ਘਬਰਾਹਟ ਦੀ ਪੋਲ ਖੋਲੀ
ਚੰਡੀਗੜ੍ਹ, 27 ਜਨਵਰੀ 2021 - ਆਮ ਆਦਮੀ ਪਾਰਟੀ (ਆਪ) ਨੂੰ ਕਿਸਾਨਾਂ ਦੇ ਹਿੱਤਾਂ ਖਿਲਾਫ ਗੱਦਾਰੀ ਕਰਨ ਵਾਲੀ ਗਰਦਾਨਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਵੱਲੋਂ ਲਾਲ ਕਿਲੇ ਵਿਖੇ ਹੋਈ ਹਿੰਸਾ ਵਿਚ ਨਿਭਾਈ ਗਈ ਭੂਮਿਕਾ ਹੁਣ ਜਗ-ਜ਼ਾਹਿਰ ਹੋ ਚੁੱਕੀ ਹੈ ਜਦੋਂ ਕਿ ਉਨਾਂ ਦੇ ਆਪਣੇ ਮੈਂਬਰ ਅਮਰੀਕ ਮਿੱਕੀ ਨੂੰ ਇਤਿਹਾਸਕ ਲਾਲ ਕਿਲੇ ਵਿਖੇ ਖਾਲਸਾਈ ਝੰਡੇ ਨਾਲ ਸਾਫ ਤੌਰ ’ਤੇ ਵੇਖਿਆ ਜਾ ਸਕਦਾ ਹੈ।
ਲਾਲ ਕਿਲੇ ਵਿਖੇ ਹੋਈ ਹਿੰਸਾ ਦੇ ਮੁੱਦੇ ਉੱਤੇ ਆਪ ਦੇ ਝੂਠ ਦਾ ਪਰਦਾਫਾਸ਼ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਆਪ ਦੇ ਬੁਲਾਰੇ ਰਾਘਵ ਚੱਢਾ ਦੇ ਇਸ ਦਾਅਵੇ ਕਿ ਉਨਾਂ ਦੀ ਪਾਰਟੀ ਦਾ ਅਮਰੀਕ ਨਾਲ ਕੋਈ ਸਬੰਧ ਨਹੀਂ ਹੈ, ਦੀ ਪੋਲ ਖੁੱਲ ਚੁੱਕੀ ਹੈ ਕਿਉਂਕਿ ਅਮਰੀਕ ਦੇ ਫੇਸਬੁੱਕ ਪੇਜ ਉੱਤੇ ਉਸ ਨੂੰ 8 ਜਨਵਰੀ, 2020 ਨੂੰ ਪਾਰਟੀ ਦੇ ਕੌਮੀ ਬੁਲਾਰੇ ਸੰਜੇ ਸਿੰਘ ਦੀ ਹਾਜ਼ਰੀ ਵਿਚ ਆਪ ਦੇ ਪੰਜਾਬ ਆਗੂ ਜਰਨੈਲ ਸਿੰਘ ਦੁਆਰਾ ਅਧਿਕਾਰਤ ਤੌਰ ’ਤੇ ਪਾਰਟੀ ਵਿਚ ਸ਼ਾਮਲ ਕੀਤਾ ਜਾਣਾ ਸਾਫ ਦਿਸ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਇਹ ਵੀਡੀਓ ਜਰਨੈਲ ਸਿੰਘ ਦੇ ਫੇਸਬੁੱਕ ਪੇਜ ਉੱਤੇ ਵੀ ਉਪਲਬੱਧ ਹੈ ਅਤੇ ਇੱਥੋਂ ਤੱਕ ਕਿ ਅਮਰੀਕ ਦੇ ਫੇਸਬੁੱਕ ਪੇਜ ’ਤੇ ਉਸ ਨੂੰ ਗੈਰ-ਰਸਮੀ ਤੌਰ ’ਤੇ 29 ਦਸੰਬਰ, 2019 ਨੂੰ ਜਰਨੈਲ ਸਿੰਘ ਦੁਆਰਾ ਆਪ ਵਿਚ ਸ਼ਾਮਲ ਕਰਵਾਏ ਜਾਣ ਦੀ ਤਸਵੀਰ ਮੌਜੂਦ ਹੈ।
ਸੁਨੀਲ ਜਾਖੜ ਨੇ ਅਮਰੀਕ ਅਤੇ ਹੋਰ ਆਪ ਮੈਂਬਰਾਂ, ਜਿਨਾਂ ਦਾ ਭਾਜਪਾ ਦੀ ਮਿਲੀਭੁਗਤ ਨਾਲ ਦਿੱਲੀ ਹਿੰਸਾ ਵਿਚ ਹੱਥ ਹੈ, ਖਿਲਾਫ ਤੁਰੰਤ ਅਤੇ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਇਨਾਂ ਦੋਵਾਂ ਦੀ ਗੰਢਤੁੱਪ ਹੁਣ ਚੰਗੀ ਤਰਾਂ ਸਾਬਤ ਹੋ ਚੁੱਕੀ ਹੈ। ਉਨਾਂ ਚੋਣ ਕਮਿਸ਼ਨ ਤੋਂ ਵੀ ਮੰਗ ਕੀਤੀ ਕਿ ਗੁੰਡਿਆਂ, ਅਪਰਾਧੀਆਂ ਅਤੇ ਝੂਠਿਆਂ ਦੀ ਪਾਰਟੀ ਦੀ ਮਾਨਤਾ ਰੱਦ ਕੀਤੀ ਜਾਵੇ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਇਸ ਪਰਦਾਫਾਸ਼ ਤੋਂ ਬਾਅਦ ਕੇਜਰੀਵਾਲ ਅਤੇ ਉਸ ਦੀ ਪਾਰਟੀ ਨੇ ਦਿੱਲੀ ਵਿਖੇ ਹਕੂਮਤ ਕਰਨ ਦੇ ਸਾਰੇ ਹੱਕ ਗੁਆ ਦਿੱਤੇ ਹਨ। ਆਪਣੇ ਤਰਕ ਨੂੰ ਅੱਗੇ ਵਧਾਉਂਦਿਆਂ ਉਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ, ਜਿਨਾਂ ਨੇ ਨਵੰਬਰ 2020 ਦੌਰਾਨ ਕਿਸਾਨਾਂ ਦੇ ਦਿੱਲੀ ਵੱਲ ਕੂਚ ਕਰਨ ਤੋਂ ਕੁਝ ਹੀ ਦਿਨ ਪਹਿਲਾਂ ਖੇਤੀ ਕਾਨੂੰਨਾਂ ਵਿਚੋਂ ਇੱਕ ਨੂੰ ਲਾਗੂ ਕਰਨ ਵਿਚ ਬੜੀ ਫੁਰਤੀ ਦਿਖਾਈ, ਸਾਫ ਤੌਰ ’ਤੇ ਭਾਜਪਾ ਦੇ ਨਿਰਦੇਸ਼ਾਂ ਉੱਤੇ ਕੰਮ ਕਰ ਰਹੇ ਹਨ ਤਾਂ ਜੋ ਕਿਸਾਨਾਂ ਦੀ ਇਨਸਾਫ ਲਈ ਲੜਾਈ ਨੂੰ ਬਦਨਾਮ ਕਰਕੇ ਕਮਜ਼ੋਰ ਕੀਤਾ ਜਾ ਸਕੇ।
ਸੁਨੀਲ ਜਾਖੜ ਨੇ ਅੱਗੇ ਕਿਹਾ ਕਿ ਜੇਕਰ ਰਾਘਵ ਚੱਢਾ ਦੇ ਦਾਅਵੇ ਅਨੁਸਾਰ ਅਮਰੀਕ ਵਾਕਿਆ ਹੀ ਭਾਜਪਾ ਦਾ ਮੈਂਬਰ ਹੈ ਤਾਂ ਫੇਸਬੁੱਕ ਦੀ ਵੀਡੀਓ ਅਤੇ ਤਸਵੀਰ ਨਾਲ ਆਪ ਅਤੇ ਭਾਜਪਾ, ਜਿਸ ਦੇ ਇਸ਼ਾਰੇ ਉੱਤੇ ਕੇਜਰੀਵਾਲ ਦੀ ਪਾਰਟੀ ਬੀਤੇ ਕਈ ਹਫਤਿਆਂ ਤੋਂ ਲਗਾਤਾਰ ਕਿਸਾਨ ਅੰਦੋਲਨ ਦੀਆਂ ਜੜਾਂ ਵੱਢਣ ਦਾ ਕੰਮ ਕਰ ਰਹੀ ਹੈ, ਦਾ ਗੱਠਜੋੜ ਜ਼ਾਹਿਰ ਹੋ ਚੁੱਕਿਆ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਅੱਗੇ ਕਿਹਾ ਕਿ ਇਹ ਬਿਲਕੁਲ ਸਾਫ ਹੋ ਚੁੱਕਿਆ ਹੈ ਕਿ ਆਪ ਅਤੇ ਭਾਜਪਾ, ਜੋ ਕਿ ਦਿੱਲੀ ਹਿੰਸਾ ਲਈ ਇਕੱਠੇ ਜ਼ਿੰਮੇਵਾਰ ਹਨ (ਇੱਕ ਪਾਰਟੀ ਦੀ ਹਕੂਮਤ ਸੂਬੇ ਉੱਤੇ ਜਦੋਂ ਕਿ ਦੂਜੀ ਦੀ ਕੇਂਦਰ ਵਿਚ ਸਰਕਾਰ ਹੈ), ਨੇ ਮਿਲਜੁਲ ਕੇ ਹੀ ਸ਼ਰਾਰਤੀ ਅਤੇ ਗੈਰ-ਸਮਾਜੀ ਤੱਤਾਂ ਨੂੰ ਕਿਸਾਨਾਂ ਦੇ ਅੰਦੋਲਨ ਵਿਚ ਘੁਸਪੈਠ ਕਰਵਾ ਕੇ ਹਿੰਸਾ ਭੜਕਾਈ ਜਿਸ ਨਾਲ ਬੀਤੇ ਦਿਨੀਂ ਕੌਮੀ ਰਾਜਧਾਨੀ ਦੀਆਂ ਗਲੀਆਂ ਉੱਤੇ ਅਫਰਾ-ਤਫਰੀ ਮਚੀ ਅਤੇ ਦੇਸ਼ ਨੂੰ ਨਮੋਸ਼ੀ ਝੱਲਣੀ ਪਈ।
ਉਨਾਂ ਇਹ ਵੀ ਕਿਹਾ ਕਿ ਆਪ ਅਤੇ ਭਾਜਪਾ, ਜਿਨਾਂ ਦੇ ਆਗੂ ਪੰਜਾਬ ਵਿਚ ਇੱਕ-ਦੂਜੇ ਦਾ ਵਿਰੋਧ ਕਰਕੇ ਦਿੱਲੀ ਹਿੰਸਾ ਵਿਚ ਆਪਣਾ ਹੱਥ ਹੋਣ ਦੇ ਮੁੱਦੇ ਤੋਂ ਧਿਆਨ ਭਟਕਾਉਣਾ ਚਾਹੁੰਦੇ ਹਨ, ਦੇ ਖੇਮੇ ਵਿਚ ਖਲਬਲੀ ਮਚਣਾ ਇਸ ਗੱਲ ਦਾ ਸਾਫ ਤੌਰ ’ਤੇ ਸੂਚਕ ਹੈ ਕਿ ਦੋਵਾਂ ਪਾਰਟੀਆਂ ਨੇ ਸਾਜ਼ਿਸ਼ ਰਚੀ। ਸੁਨੀਲ ਜਾਖੜ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਇਨਾਂ ਦੋਵਾਂ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਅਤੇ ਬੇ-ਸਿਰਪੈਰ ਦੇ ਹਮਲਿਆਂ ਤੋਂ ਇਨਾਂ ਦੋਵਾਂ ਵੱਲੋਂ ਆਪਣੇ ਫੜੇ ਜਾਣ ਦੀ ਬੁਖਲਾਹਟ ਸਾਫ ਜ਼ਾਹਿਰ ਹੁੰਦੀ ਹੈ। ਉਨਾਂ ਅੱਗੇ ਕਿਹਾ ਕਿ ਇਨਾਂ ਦੋਵਾਂ ਪਾਰਟੀਆਂ ਦੀ ਗੰਦੀ ਖੇਡ ਪੰਜਾਬ ਦੇ ਲੋਕਾਂ ਨੂੰ ਸਾਫ ਨਜ਼ਰ ਆ ਚੁੱਕੀ ਹੈ ਤੇ ਇਹ ਦੋਵੇਂ ਹੀ 2022 ਦੀਆਂ ਅਸੈਂਬਲੀ ਚੋਣਾਂ ਵਿਚ ਸੱਤਾ ਵਿਚ ਆਉਣ ਦੇ ਮਨਸੂਬੇ ਘੜੀ ਬੈਠੇ ਹਨ।
ਸੁਨੀਲ ਜਾਖੜ ਨੇ ਆਪ ਤੇ ਭਾਜਪਾ ਨੂੰ ਚੇਤਾਵਨੀ ਦਿੱਤੀ, ‘‘ਪਰ ਪੰਜਾਬ ਅਤੇ ਇਸ ਦੇ ਲੋਕ ਜਿਨਾਂ ਵਿਚ ਕਿਸਾਨ ਵੀ ਸ਼ਾਮਲ ਹਨ, ਨੇ ਤੁਹਾਡੀ ਹੋਛੀ ਖੇਡ ਨੂੰ ਚੰਗੀ ਤਰਾਂ ਵੇਖ ਲਿਆ ਹੈ।’’ ਉਨਾਂ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ, ਜਿਨਾਂ ਦੇ ਬੋਝ ਨੂੰ ਆਪ ਨੇ ਆਪਣੇ ਦੋਹਰੇ ਮਾਪਦੰਡਾਂ ਨਾਲ ਦੁੱਗਣਾ ਕਰ ਦਿੱਤਾ ਹੈ, ਦੇ ਰੂਪ ਵਿਚ ਭਾਜਪਾ ਨੇ ਪੰਜਾਬ ਉੱਤੇ ਜੋ ਜ਼ੁਲਮ ਕੀਤਾ ਹੈ, ਉਸ ਨੂੰ ਸੂਬੇ ਦੇ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ।