ਯੂਕਰੇਨ 'ਚ ਫਸੇ ਪੰਜਾਬੀਆਂ ਲਈ ਭਗਵੰਤ ਮਾਨ ਨੇ ਜਾਰੀ ਕੀਤਾ ਵਟਸਐਪ ਨੰਬਰ; ਕਿਹਾ- ਪਰਿਵਾਰ ਸਾਡੇ ਨਾਲ ਸੰਪਰਕ ਕਰੋ, ਅਸੀਂ ਮਦਦ ਕਰਾਂਗੇ
- ਕੋਟਕਪੂਰਾ ਆਪ ਵਿਧਾਇਕ ਨੇ ਪ੍ਰਾਈਵੇਟ ਜਹਾਜ ਕੰਪਨੀਆਂ ਤੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾਕੇ ਏਅਰ ਟਿਕਟਾਂ ਮਹਿੰਗੀਆਂ ਬੇਚਣ ਦਾ ਲਗਾਇਆ ਆਰੋਪ
ਦੀਪਕ ਗਰਗ
ਕੋਟਕਪੂਰਾ 25 ਫਰਵਰੀ 2022 - ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਯੂਕਰੇਨ ਵਿੱਚ ਫਸੇ ਪੰਜਾਬੀਆਂ ਲਈ ਇੱਕ ਚੰਗੀ ਪਹਿਲ ਕੀਤੀ ਹੈ। ਉਸ ਨੇ ਵਟਸਐਪ ਨੰਬਰ 98778-47778 ਜਾਰੀ ਕੀਤਾ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਨ ਨੇ ਕਿਹਾ ਕਿ ਯੂਕਰੇਨ ਵਿੱਚ ਫਸੇ ਪੰਜਾਬੀਆਂ ਜਾਂ ਉਨ੍ਹਾਂ ਦੇ ਪਰਿਵਾਰ ਇਸ ਨੰਬਰ 'ਤੇ ਸੰਪਰਕ ਕਰਨ। ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ।
ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਵੱਡੀ ਗਿਣਤੀ 'ਚ ਪੰਜਾਬੀ ਵਿਦਿਆਰਥੀ ਅਤੇ ਕੰਮ 'ਤੇ ਗਏ ਲੋਕ ਉਥੇ ਫਸ ਗਏ ਹਨ। ਭਗਵੰਤ ਮਾਨ ਪਹਿਲਾਂ ਵੀ ਵਿਦੇਸ਼ਾਂ ਵਿੱਚ ਫਸੇ ਪੰਜਾਬੀਆਂ ਦੀ ਮਦਦ ਕਰਦੇ ਰਹੇ ਹਨ।
ਇਸ ਤੋਂ ਪਹਿਲਾਂ ਮਾਨ ਨੇ ਕੇਂਦਰ ਸਰਕਾਰ ਨੂੰ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਆਜ਼ਾਦ ਅਤੇ ਸੁਰੱਖਿਅਤ ਵਾਪਸ ਲਿਆਉਣ ਦੀ ਅਪੀਲ ਕੀਤੀ ਸੀ। ਮਾਨ ਨੇ ਦੋਸ਼ ਲਾਇਆ ਸੀ ਕਿ ਸੰਕਟ ਮੌਕੇ ਹਵਾਈ ਟਿਕਟਾਂ ਦੇ ਰੇਟ ਵਧਾ ਦਿੱਤੇ ਗਏ ਹਨ। ਇਨ੍ਹਾਂ ਲੋਕਾਂ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਵਾਪਸ ਆਉਣ ਲਈ ਕਿਹਾ ਪਰ ਕੋਈ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਨੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਉਚਿਤ ਮਦਦ ਨਾ ਮਿਲਣ ਨੂੰ ਵੀ ਮੰਦਭਾਗਾ ਕਰਾਰ ਦਿੱਤਾ।
ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਹੈ ਕਿ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਭਾਰਤ ਸਰਕਾਰ ਉਚਿਤ ਕਦਮ ਚੁੱਕਣ ਚ ਅਸਫਲ ਹੋ ਰਹੀ ਹੈ। ਏਅਰ ਇੰਡੀਆ ਕੰਪਨੀ ਨੂੰ ਵੇਚਣ ਕਰਕੇ ਪ੍ਰਾਈਵੇਟ ਕੰਪਨੀਆਂ ਵੱਲੋਂ ਏਅਰ ਟਿਕਟਾਂ ਦੀਆਂ ਕੀਮਤਾਂ ਵਿੱਚ ਤਿੰਨ ਗੁਣਾ ਵਾਧਾ ਕਰਕੇ ਸੰਕਟ ਚ ਫਸੇ ਲੋਕਾਂ ਦੀ ਮੱਦਦ ਬਜਾਏ ਮਜਬੂਰੀ ਦਾ ਫਾਇਦਾ ਉਠਾਇਆ ਜਾ ਰਿਹਾ ਹੈ, ਅਕਾਲ ਪੁਰਖ ਅੱਗੇ ਵਿਸ਼ਵ ਸ਼ਾਂਤੀ ਦੀ ਅਰਦਾਸ ਕਰਦਾ ਹੋਇਆ ਕਾਮਨਾ ਕਰਦਾ ਹਾਂ ਕਿ ਪ੍ਰਮਾਤਮਾ ਅਜਿਹੇ ਲੋਭੀ ਲੋਕਾਂ ਅਤੇ ਉਹਨਾਂ ਦੇ ਸਰਪ੍ਰਸਤਾਂ ਨੂੰ ਸੁਮੱਤ ਬਖਸ਼ਣ।