ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯੁਕਰੇਨ ਵਿੱਚ ਫਸੇ ਵਿਦਿਆਰਥੀਆਂ ਦੇ ਸੰਗਰੂਰ ਰਹਿੰਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ, ਹੌਂਸਲਾ ਰੱਖਣ ਲਈ ਪ੍ਰੇਰਿਆ
- ਹੁਣ ਤੱਕ ਜ਼ਿਲ੍ਹਾ ਸੰਗਰੂਰ ਦੇ 8 ਪਰਿਵਾਰਾਂ ਨੇ ਹੈਲਪ ਲਾਈਨ ਉੱਤੇ ਕੀਤਾ ਸੰਪਰਕ
- ਡਿਪਟੀ ਕਮਿਸ਼ਨਰ ਨੇ ਹੋਰ ਨਾਗਰਿਕਾਂ ਨੂੰ ਵੀ ਹੈਲਪ ਲਾਈਨ ਉੱਤੇ ਸੂਚਨਾ ਦੇਣ ਦੀ ਕੀਤੀ ਅਪੀਲ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 1 ਮਾਰਚ, 2022: ਯੁਕਰੇਨ ਵਿੱਚ ਫਸੇ ਹੋਏ ਜ਼ਿਲ੍ਹਾ ਸੰਗਰੂਰ ਦੇ ਵਿਦਿਆਰਥੀਆਂ ਸਮੇਤ ਹੋਰ ਨਾਗਰਿਕਾਂ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਿਛਲੇ ਦਿਨੀਂ ਜਾਰੀ ਕੀਤੇ ਹੈਲਪ ਲਾਈਨ ਨੰਬਰ ਅਤੇ ਈ-ਮੇਲ ਆਈਡੀ ਉਤੇ ਹੁਣ ਤੱਕ 8 ਵਿਦਿਆਰਥੀਆਂ ਬਾਰੇ ਸੂਚਨਾ ਪ੍ਰਾਪਤ ਹੋਈ ਹੈ ਜਿਨ੍ਹਾਂ ਦੇ ਪਰਿਵਾਰਾਂ ਨਾਲ ਪ੍ਰਸ਼ਾਸਨ ਵੱਲੋਂ ਤਾਲਮੇਲ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਤਰਫੋਂ ਵੱਖ ਵੱਖ ਸਬ ਡਵੀਜ਼ਨਾਂ ਦੇ ਅਧਿਕਾਰੀਆਂ ਨੇ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਹੈ ਅਤੇ ਇਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਰਾਜ ਸਰਕਾਰ ਰਾਹੀਂ ਕੇਂਦਰ ਸਰਕਾਰ ਨਾਲ ਇਨ੍ਹਾਂ ਦੇ ਵੇਰਵੇ ਸਾਂਝੇ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਹੈਲਪ ਲਾਈਨ ਉੱਤੇ ਹੁਣ ਤੱਕ ਮੂਨਕ ਦੇ ਵਾਰਡ ਨੰਬਰ 12 ਦੇ ਵਸਨੀਕ ਸੌਰਵ, ਸੁਨਾਮ ਦੇ ਧੀਰਜ ਵਰਮਾ, ਉਪਲੀ ਸੰਗਰੂਰ ਦੇ ਹਰਦੀਪ ਸਿੰਘ, ਪਿੰਡ ਰਾਣੀਕੇ ਧੂਰੀ ਦੇ ਰੋਹਿਤ ਕੁਮਾਰ ਸ਼ਰਮਾ, ਲਹਿਰਾਗਾਗਾ ਦੇ ਹਰਿੰਦਰ ਸਿੰਘ, ਮੰਡਵੀ ਮੂਨਕ ਤੋਂ ਮਹਿਕ, ਮੂਨਕ ਦੀ ਮਨਪ੍ਰੀਤ ਕੌਰ ਅਤੇ ਪੂਨੀਆ ਕਲੋਨੀ ਸੰਗਰੂਰ ਦੇ ਅਰਸ਼ਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਹੀ ਸੰਪਰਕ ਕੀਤਾ ਹੈ ਜਿਸ ਸਬੰਧੀ ਸਰਕਾਰ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।
ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਜਿਹੜੇ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਯੁਕਰੇਨ ਵਿੱਚ ਫਸੇ ਹਨ ਉਹ ਉਨ੍ਹਾਂ ਦੀ ਸੂਚਨਾ ਹੈਲਪਲਾਈਨ ਨੰਬਰ 01672-231080 ਜਾਂ ਈਮੇਲ ਆਈਡੀ
controlroom.dcofficesgr@yahoo.com ਉਤੇ ਮੁਹੱਈਆ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਬੰਧੀ ਸਰਕਾਰ ਵੱਲੋਂ ਇਕ ਪ੍ਰੋਫਾਰਮਾ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਯੁਕਰੇਨ ਵਿੱਚ ਫਸੇ ਵਿਅਕਤੀ ਦਾ ਨਾਮ, ਪਿਤਾ ਦਾ ਨਾਮ, ਪਾਸਪੋਰਟ ਨੰਬਰ, ਯੁਕਰੇਨ ਵਿੱਚ ਪਤਾ, ਯੁਕਰੇਨ ਵਿੱਚ ਸੰਪਰਕ ਵੇਰਵਾ ਸਮੇਤ ਸੰਗਰੂਰ ਜ਼ਿਲ੍ਹੇ ਵਿਚ ਪਰਿਵਾਰਕ ਮੈਂਬਰ ਦਾ ਨਾਮ, ਸੰਪਰਕ ਨੰਬਰ, ਪਤਾ, ਯੁਕਰੇਨ ਵਿੱਚ ਫਸੇ ਵਿਅਕਤੀ ਨਾਲ ਰਿਸ਼ਤਾ ਅਤੇ ਕੋਈ ਹੋਰ ਜ਼ਰੂਰੀ ਜਾਣਕਾਰੀ ਭਰ ਕੇ ਹੈਲਪਲਾਈਨ ਨੰਬਰ 01672-231080 ਅਤੇ ਈ-ਮੇਲ controlroom.dcofficesgr@yahoo.com 'ਤੇ ਦਿੱਤੀ ਜਾ ਸਕਦੀ ਹੈ।