ਜਲੰਧਰ: ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਯੂਕਰੇਨ 'ਚ ਫਸੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ
- ਵਿਦਿਆਰਥੀਆਂ ਦੀ ਸੁਰੱਖਿਅਤ ਘਰ ਵਾਪਸੀ ਲਈ ਅਥਾਰਟੀ ਵੱਲੋਂ ਚੁੱਕੇ ਜਾ ਰਹੇ ਕਦਮਾਂ ਤੋਂ ਕਰਵਾਇਆ ਜਾਣੂ, ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਦਿਵਾਇਆ ਭਰੋਸਾ
ਜਲੰਧਰ, 1 ਮਾਰਚ 2022 - ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਅੱਜ ਜੰਗ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਇਸ ਔਖੀ ਘੜੀ ਵਿੱਚ ਉਨ੍ਹਾਂ ਦਾ ਮਨੋਬਲ ਵਧਾਉਣ ਲਈ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਅਥਾਰਟੀ ਵੱਲੋਂ ਚੁੱਕੇ ਜਾ ਰਹੇ ਕਦਮਾਂ ਤੋਂ ਜਾਣੂ ਕਰਵਾਇਆ ।
ਡਿਪਟੀ ਕਮਿਸ਼ਨਰ ਘਨਸ਼ਿਆਨ ਥੋਰੀ ਦੇ ਨਿਰਦੇਸ਼ਾਂ 'ਤੇ ਉਪ ਮੰਡਲ ਮੈਜਿਸਟ੍ਰੇਟਸ, ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਵੱਲੋਂ ਪੂਰਾ ਦਿਨ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਰਹਿੰਦੇ ਇਨ੍ਹਾਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀਆਂ ਗਈਆਂ । ਜਲੰਧਰ-1 ਸਬ ਡਵੀਜ਼ਨ ਵਿੱਚ 28 ਦੇ ਕਰੀਬ, ਜਲੰਧਰ-2 ਵਿੱਚ 18, ਫਿਲੌਰ ਵਿੱਚ ਚਾਰ ਅਤੇ ਨਕੋਦਰ ਤੇ ਸ਼ਾਹਕੋਟ ਸਬ ਡਵੀਜ਼ਨ ਵਿੱਚ ਇਕ-ਇੱਕ ਪਰਿਵਾਰ ਅਜਿਹੇ ਹਨ। ਅਧਿਕਾਰੀਆਂ ਨੇ ਇਨ੍ਹਾਂ ਪਰਿਵਾਰਾਂ ਦੀ ਗੱਲ ਨੂੰ ਗਹੁ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਸਬੰਧਤ ਅਥਾਰਟੀ ਵੱਲੋਂ ਚੁੱਕੇ ਜਾ ਰਹੇ ਕਦਮਾਂ ਤੋਂ ਜਾਣੂ ਕਰਵਾਇਆ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਵੀ ਦਿਵਾਇਆ, ਜੋ ਕਿ ਪਹਿਲਾਂ ਹੀ ਇਨ੍ਹਾਂ ਪਰਿਵਾਰਾਂ ਅਤੇ ਵਿਦੇਸ਼ ਮੰਤਰਾਲੇ (MEA) ਵਿਚਕਾਰ ਪੁਲ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯੂਕਰੇਨ ਵਿੱਚ ਫਸੇ ਜਲੰਧਰ ਦੇ ਵਿਦਿਆਰਥੀਆਂ ਦੀ ਸੂਚੀ ਤਿਆਰ ਕਰਕੇ ਅਗਲੇਰੀ ਕਾਰਵਾਈ ਲਈ ਸੂਬਾ ਸਰਕਾਰ ਨੂੰ ਮੁਹੱਈਆ ਕਰਵਾਈ ਗਈ ਹੈ। ਅਧਿਕਾਰੀਆਂ ਨੇ ਯੂਕਰੇਨ ਵਿੱਚ ਫਸੇ ਕੁਝ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮੌਜੂਦਾ ਹਾਲਾਤ ਵਿੱਚ ਆਪਣਾ ਮਨੋਬਲ ਬਣਾਈ ਰੱਖਣ ਲਈ ਕਿਹਾ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਨਾਜ਼ੁਕ ਘੜੀ ਵਿੱਚ ਪੀੜਤ ਪਰਿਵਾਰਾਂ ਨਾਲ ਡਟ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੀ ਤਕਲੀਫ਼ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਘਨਸ਼ਿਆਮ ਥੋਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਔਖੀ ਘੜੀ ਵਿੱਚ ਇਨ੍ਹਾਂ ਪਰਿਵਾਰਾਂ ਦੀ ਮਦਦ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।