ਰੂਸ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਖਿਲਾਫ ਬਠਿੰਡਾ ’ਚ ਸ਼ਾਂਤੀ ਮਾਰਚ
ਅਸ਼ੋਕ ਵਰਮਾ
ਬਠਿੰਡਾ, 3ਮਾਰਚ 2022: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਠਿੰਡਾ ਨੇ ਰੂਸ ਵੱਲੋਂ ਯੂਕਰੇਨ ਤੇ ਕੀਤੇ ਹਮਲੇ ਖਿਲਾਫ ਸ਼ਹਿਰ ’ਚ ਸ਼ਾਂਤੀ ਮਾਰਚ ਕੱਢਿਆ ਅਤੇ ਸਾਮਰਾਜੀ ਮੁਲਕ ਦੇ ਇਸ ਕਾਰੇ ਦੀ ਨਿਖੇਧੀ ਕੀਤੀ। ਜਿਲ੍ਹਾ ਬਠਿੰਡਾ ਦੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਤੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਅਮਰੀਕਾ ਅਤੇ ਰੂਸ ਵਰਗੇ ਸਾਮਰਾਜੀ ਮੁਲਕਾਂ ਵੱਲੋਂ ਆਪਣੇ ਲੁਟੇਰੇ ਹਿਤਾਂ ਲਈ ਦੂਜੇ ਦੇਸਾਂ ਤੇ ਕੀਤੇ ਜਾ ਰਹੇ ਹਮਲੇ ਦੀ ਨਿੰਦਿਆ ਕਰਦਿਆਂ ਕਿਹਾ ਕਿ ਇਹ ਸਾਮਰਾਜੀ ਮੁਲਕਾਂ ਦਾ ਆਰਥਿਕ ਸੰਕਟ ਹੱਲ ਕਰਨ ਦਾ ਆਪਸੀ ਭੇੜ ਹੈ ਜਿਸ ਨੂੰ ਕਿਰਤੀ ਲੋਕਾਂ ਤੇ ਮੜ੍ਹਿਆ ਜਾ ਰਿਹਾ ਹੈ ।
ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਨਿਹੱਕੀ ਜੰਗ ਦਾ ਅਸਲੀ ਹੱਲ ਸਾਮਰਾਜਵਾਦ ਦਾ ਪੂਰੀ ਤਰਾਂ ਖਾਤਮਾ ਹੀ ਹੈ । ਕਿਸਾਨ ਆਗੂਆਂ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਸਬੰਧੀ ਕੇਂਦਰ ਸਰਕਾਰ ਦੀ ਜ਼ੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਉਸ ਨੇ ਜੰਗ ਲੱਗਣ ਦੀਆਂ ਸੰਭਾਵਨਾਵਾਂ ਬਣਦਿਆਂ ਹੀ ਯੂਕਰੇਨ ਚੋਂ ਭਾਰਤੀਆਂ ਨੂੰ ਕੱਢਣ ਲਈ ਮੌਕੇ ਤੇ ਜਾਣਬੁੱਝ ਕੇ ਪ੍ਰਬੰਧ ਨਹੀਂ ਕੀਤੇ ਤਾਂ ਜੋ ਬਾਅਦ ਚ ਫੋਕੀ ਵਾਹ ਵਾਹ ਖੱਟੀ ਜਾ ਸਕੇ । ਉਨ੍ਹਾਂ ਸਰਕਾਰ ਤੇ ਇਹ ਵੀ ਦੋਸ਼ ਲਾਇਆ ਕਿ ਜੇਕਰ ਭਾਰਤ ਵਿੱਚ ਹੀ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਬੱਚਿਆਂ ਦੀ ਸਸਤੀ ਪੜ੍ਹਾਈ ਦਾ ਪ੍ਰਬੰਧ ਕੀਤਾ ਹੁੰਦਾ ਤਾਂ ਉਹ ਬਾਹਰਲੇ ਦੇਸ਼ਾਂ ਵਿੱਚ ਪੜ੍ਹਨ ਲਈ ਨਾਂ ਜਾਂਦੇ ।
ਬੁਲਾਰਿਆਂ ਨੇ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਬੰਦ ਕਰਨ, ਜੰਗ ਕਾਰਨ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਭਾਰਤ ਲਿਆਉਣ ਲਈ ਬੰਦੋਬਸਤ ਕਰਨ, ਦੇਸ਼ ਵਿਚਲੇ ਸਰਕਾਰੀ ਅਦਾਰਿਆਂ ਵਿੱਚ ਪੱਕੇ ਸਟਾਫ ਦਾ ਪ੍ਰਬੰਧ ਕਰਨ , ਨਵੇਂ ਸਰਕਾਰੀ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹਕੇ ਸਸਤੀ ਸਿੱਖਿਆ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ । ਕਿਸਾਨ ਆਗੂਆਂ ਨੇ ਸਰਕਾਰ ਤੋਂ ਯੂਕਰੇਨ ’ਚ ਮਾਰੇ ਗਏ ਵਿਦਿਆਰਥੀਆਂ ਦੇ ਪਰਿਵਾਰਾਂ ਦੀ ਸਰਕਾਰ ਸਹਾਇਤਾ ਅਤੇ ਨੌਕਰੀ ਦੇਣ ਮੰਗ ਵੀ ਕੀਤੀ। ਅੱਜ ਦੇ ਇਕੱਠ ਨੂੰ ਸੁਖਦੇਵ ਸਿੰਘ ਜਵੰਧਾ , ਅਮਰੀਕ ਸਿੰਘ ਸਿਵੀਆਂ,ਹੁਸ਼ਿਆਰ ਸਿੰਘ ਚੱਕ ਫਤਹਿ ਸਿੰਘ ਵਾਲਾ ਅਤੇ ਮਾਲਣ ਕੌਰ ਨੇ ਵੀ ਸੰਬੋਧਨ ਕੀਤਾ।
ਗੁਲਾਬੀ ਸੁੰਡੀ ਮਾਮਲੇ ਤੇ ਮੀਟਿੰਗ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲ੍ਹਾ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾਗੁਰੂ ਅਤੇ ਜਗਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਬਠਿੰਡਾ ਨਾਲ ਮੀਟਿੰਗ ਕੀਤੀ ਗਈ । ਇਸ ਮੌਕੇ ਡਿਪਟੀ ਕਮਿਸਨਰ ਬਠਿੰਡਾ ਨੇ ਨਰਮੇ ਦੀ ਫਸਲ ਦੇ ਖਰਾਬੇ ਦਾ ਮੁਆਵਜਾ ਕੁੱਝ ਦਿਨਾਂ ਚ ਹੀ ਸਾਰੇ ਯੋਗ ਕਾਸਤਕਾਰਾਂ ਦੇ ਖਾਤਿਆਂ ਵਿੱਚ ਪਾਉਣ ਦੀ ਗੱਲ ਆਖੀ। ਖੇਤ ਮਜਦੂਰਾਂ ਦੇ ਮੁਆਵਜੇ ਲਈ ਕਮੇਟੀ ਬਣਾ ਦਿੱਤੀ ਹੈ ਅਤੇ ਨਰਮਾ ਚੁਗਾਈ ਵਾਲੇ ਖੇਤ ਮਜਦੂਰਾਂ ਦੇ ਖਾਤਿਆਂ ਵਿੱਚ ਮਾਰਚ ਦੇ ਮਹੀਨੇ ਹੀ ਮੁਆਵਜੇ ਦੀ ਰਾਸ਼ੀ ਪਾ ਦਿੱਤੀ ਜਾਵੇਗੀ। ਐੱਸ ਐੱਸ ਪੀ ਨੇ ਅੰਦੋਲਨਕਾਰੀ ਕਿਸਾਨਾਂ ਤੇ ਦਰਜ ਪੁਲਿਸ ਕੇਸ ਜਲਦ ਹੀ ਵਾਪਸ ਲੈਣ ਦਾ ਭਰੋਸਾ ਦਿਵਾਇਆ।