ਬਠਿੰਡਾ:ਦੋ ਪ੍ਰੀਵਾਰਾਂ ਨੂੰ ਯੁਕਰੇਨ ਚੋਂ ਆਪਣੇ ਬੱਚਿਆਂ ਦੇ ਵਾਪਿਸ ਆਉਣ ਦੀ ਉਡੀਕ
ਅਸ਼ੋਕ ਵਰਮਾ
ਬਠਿੰਡਾ, 27 ਫਰਵਰੀ 2022: ਬਠਿੰਡਾ ਦੇ ਦੋ ਪ੍ਰੀਵਾਰਾਂ ਨੂੰ ਆਪਣੇ ਇਕਲੌਤੇ ਬੱਚਿਆਂ ਜਿੰਨ੍ਹਾਂ ’ਚ ਇੱਕ ਪੁੱਤ ਤੇ ਇੱਕ ਲੜਕੀ ਹੈ ਦੇ ਵਾਪਿਸ ਆਉਣ ਦੀ ਉਡੀਕ ਹੈ ਜੋ ਡਾਕਟਰ ਬਣਨ ਲਈ ਯੁਕਰੇਨ ‘ਚ ਪੜ੍ਹਾਈ ਕਰਨ ਗਏ ਸਨ। ਪ੍ਰੀਵਾਰਾਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇੱਕ ਬੱਚਾ ਆਪਣੇ ਸਾਥੀਆਂ ਸਮੇਤ ਪੈਦਲ ਯੁਕਰੇਨ ਤੋਂ ਪੋਲੈਂਡ ਦੀ ਸਰਹੱਦ ਤੇ ਪੁੱਜ ਗਿਆ ਪਰ ਭਾਰਤੀ ਦੂਤਾਵਾਸ ਦੇ ਨਾਕਸ ਪ੍ਰਬੰਧਾਂ ਕਾਰਨ ਬਾਰਡਰ ਪਾਰ ਨਹੀਂ ਕਰ ਸਕਿਆ ਜਦੋਂਕਿ ਦੂਸਰਾ ਬੱਚਾ ਆਪਣੇ ਸਾਥੀਆਂ ਸਮੇਤ ਅੰਡਰ ਗਰਾਂਊਂਡ ਮੈਟਰੋ ਸਟੇਸ਼ਨ ’ਚ ਫਸਿਆ ਹੋਇਆ ਹੈ ।
ਬਠਿੰਡਾ ਦੀ ਬੈਂਕ ਕਲੋਨੀ ਦੇ ਵਸਨੀਕ ਲੈਕਚਰਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇਕਲੌਤੀ ਧੀਅ ਹੰਸੀ ਪਲਾਨੀਆਂ ਨਵੰਬਰ 2021’ਚ ਯੁਕਰੇਨ ਦੀ ‘ਲੀਵੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਚ ਐਮਬੀਬੀਐਸ ਕਰਨ ਗਈ ਸੀ। ਉਨ੍ਹਾਂ ਦੱਸਿਆ ਕਿ ਜਦੋਂ ਯੁਕਰੇਨ ‘ਚ ਹਾਲਾਤ ਖਰਾਬ ਹੋਣ ਲੱਗਾ ਤਾਂ ਪ੍ਰੀਵਾਰ ਨੇ ਉਸ ਨੂੰ ਵਾਪਸ ਆਉਣ ਲਈ ਕਿਹਾ ਸੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਪਹਿਲੇ ਸਮੈਸ਼ਟਰ ਦੀ ਪੜ੍ਹਾਈ ’ਚ ਸ਼ਾਮਲ ਨਾਂ ਕਰਨ ਬਾਰੇ ਚਿਤਾਵਨੀ ਦੇਣ ਉਪਰੰਤ ਭਾਰਤ ਆਉਣ ਦੀ ਪ੍ਰਵਾਨਗੀ ਨਹੀਂ ਦਿੱਤੀ।
ਅਵਤਾਰ ਸਿੰਘ ਨੇ ਦੱਸਿਆ ਕਿ 25 ਫਰਵਰੀ ਨੂੰ ਦੁਪਹਿਰ 2 ਕੁ ਵਜੇ ਉਨ੍ਹਾਂ ਦੀ ਆਪਣੀ ਧੀ ਨਾਲ ਮੋਬਾਈਲ ਫੋਨ ’ਤੇ ਗੱਲ ਹੋਈ ਤਾਂ ਉਸ ਨੇ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੂੰ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਚਾਰ ਬੱਸਾਂ ਰਾਹੀਂ ਯੁਕਰੇਨ ਤੋਂ 70 ਕਿੱਲੋਮੀਟਰ ਦੂਰ ਪੋਲੈਂਡ ਸਰਹੱਦ ਰਾਹੀਂ ਸੁਰੱਖਿਅਤ ਬਾਹਰ ਕੱਢਣ ਲਈ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਹੱਦ ਤੋਂ ਕਾਫੀ ਪਿੱਛੇ ਪੈਦਲ ਜਾਣ ਲਈ ਕਿਹਾ ਪਰ ਪੋਲਿਸ਼ ਦੀਆਂ ਸੁਰੱਖਿਆ ਫੋਰਸਾਂ ਨੇ ਉਨ੍ਹਾਂ ਨੂੰ ਪੈਦਲ ਲੰਘਣ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਸੁਰੱਖਿਆ ਕਰਮੀਆਂ ਨੇ ਪੈਦਲ ਦੀ ਥਾਂ ਕਾਰ ਆਦਿ ਰਾਹੀਂ ਸਰਹੱਦ ਪਾਰ ਕਰਨ ਬਾਰੇ ਕਿਹਾ ਜਿਸ ਕਾਰਨ ਉਨ੍ਹਾਂ ਦੀ ਵਤਨ ਵਾਪਿਸੀ ਲਟਕ ਗਈ।
ਅਵਤਾਰ ਸਿੰਘ ਮੁਤਾਬਕ ਬੱਚਿਆਂ ਨੂੰ ਫਿਰ ਯੂਨੀਵਰਸਿਟੀ ਪਹੰਚਾ ਦਿੱਤਾ ਗਿਆ। ਅਵਤਾਰ ਸਿੰਘ ਮੁਤਾਬਕ ਭਾਰਤ ਸਰਕਾਰ ਯੁਕਰੇਨ ‘ਚ ਫਸੇ ਭਾਰਤੀਆਂ ਨੂੰ ਆਪਣੇ ਖਰਚ ‘ਤੇ ਵਾਪਿਸ ਲਿਆਉਣ ਦੇ ਦਾਅਵੇ ਕਰ ਰਹੀ ਹੈ ਪਰ ਹੋਰਨਾਂ ਵਿਦਿਆਰਥੀਆਂ ਵਾਂਗ ਉਨ੍ਹਾਂ ਦੀ ਬੇਟੀ ਤੋਂ ਬਕਾਇਦਾ ਬੱਸ ਕਿਰਾਇਆ ਵਸੂਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਚੇ ਪ੍ਰਾਈਵੇਟ ਕਾਰ ਦਾ ਕਿਰਾਇਆ ਦੇਣ ਲਈ ਵੀ ਤਿਆਰ ਸਨ ਪਰ ਭਾਰਤੀ ਦੂਤਾਵਾਸ ਵੱਲੋਂ ਢੁੱਕਵੇਂ ਪ੍ਰਬੰਧ ਨਾ ਕਰਨ ਕਾਰਨ ਉਨ੍ਹਾਂ ਦੀ ਬੱਚੀ ਯੁਕਰੇਨ ਦੀ ਸੀਮਾ ਪਾਰ ਨਹੀਂ ਕਰ ਸਕੀ ।
ਇਸੇ ਤਰ੍ਹਾਂ ਹਰਿਆਣਾ ਦੇ ਪਿੰਡ ਦੇਸੂਯੋਧਾ ਦੇ ਜੰਮਪਲ ਤੇ ਬਠਿੰਡਾ ਦੀ ਲਾਲ ਸਿੰਘ ਬਸਤੀ ‘ਚ ਰਹਿਣ ਵਾਲੇ ਕਰਮਵੀਰ ਸਿੰਘ ਦੀ ਮਾਂ ਮਨਮਿੰਦਰ ਕੌਰ ਅਨੁਸਾਰ ਉਨ੍ਹਾਂ ਦਾ ਇਕਲੌਤਾ ਲੜਕਾ ਯੁਕਰੇਨ ਦੀ ‘ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ’ ’ਚ ਐਮਬੀਬੀਐਸ ਦਾ 6 ਸਾਲਾ ਕੋਰਸ ਕਰਨ ਗਿਆ ਹੈ। ਉਸ ਦੀ ਚਾਰ ਸਾਲ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ। ਪ੍ਰੀਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਰਮਵੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਯੁਕਰੇਨ ਫੌਜ ਨੇ ਯੂਨੀਵਰਸਿਟੀ ਤੋਂ ਬਾਹਰ ਕੱਢਕੇ ਹੋਰਨਾਂ ਦੇਸ਼ਾਂ ਦੇ ਵਿਦਿਆਰਥੀਆਂ ਨਾਲ ਇੱਕ ਮੈਟਰੋ ਦੇ ਅੰਡਰਗਰਾਊਂਡ ਸਟੇਸ਼ਨ ‘ਤੇ ਸੁਰੱਖਿਅਤ ਰੱਖਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਕਰਮਵੀਰ ਅਨੁਸਾਰ ਯੂਨੀਵਰਸਿਟੀ ਦੇ ਆਸ ਪਾਸ ਵਾਲੇ ਇਲਾਕੇ ’ਚ ਹਾਲਾਤ ਬੇਹੱਦ ਖਰਾਬ ਹਨ ਅਤੇ ਰੂਸੀ ਫੌਜਾਂ ਲਗਾਤਾਰ ਗੋਲੇ ਬਰਸਾ ਰਹੀਆਂ ਹਨ ਪਰ ਅਜੇ ਤੱਕ ਉਹ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਕਿ ਖਾਣ-ਪੀਣ ਵਾਲੀਆਂ ਵਸਤਾਂ ਦੀ ਮਹਿੰਗਾਈ ਵਧ ਗਈ ਹੈ ਖਾਸ ਤੌਰ ਤੇ ਪਾਣੀ ਦੀ ਕਿੱਲਤ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਕਰਮਵੀਰ ਨੇ 10 ਮਾਰਚ ਦੀ ਟਿਕਟ ਬੁੱਕ ਕਰਵਾਈ ਸੀ ਜੋ ਰੱਦ ਹੋ ਗਈ ਹੈ। ਪ੍ਰੀਵਾਰਾਂ ਨੇ ਕੇਂਦਰ ਸਰਕਾਰ ਤੋਂ ਆਪਣੇ ਬੱਚਿਆਂ ਨੂੰ ਸੁਰੱਖਿਅਤ ਭਾਰਤ ਲਿਆਉਣ ਦੀ ਮੰਗ ਕੀਤੀ ਹੈ।