ਯੂਕਰੇਨ 'ਚ ਫਸੇ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਸਮੇਤ 25 ਵਿਅਕਤੀਆਂ ਨੇ ਜਲੰਧਰ ਪ੍ਰਸ਼ਾਸਨ ਪਾਸ ਕੀਤੀ ਪਹੁੰਚ
- ਪ੍ਰਸ਼ਾਸਨ ਵੱਲੋਂ ਜਾਰੀ ਹੈਲਪਲਾਈਨ ਨੰਬਰ 'ਤੇ ਕੁੱਲ 25 ਕਾਲਾਂ ਆਈਆਂ
ਜਲੰਧਰ, 25 ਫਰਵਰੀ 2022 - ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ ਯੂਕਰੇਨ ਵਿੱਚ ਫਸੇ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਸਮੇਤ 25 ਵਿਅਕਤੀਆਂ ਵੱਲੋਂ ਜਲੰਧਰ ਪ੍ਰਸ਼ਾਸਨ ਪਾਸ ਪਹੁੰਚ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਹੈਲਪਲਾਈਨ ਨੰਬਰ 0181-2224417 ਜਾਰੀ ਕੀਤਾ ਗਿਆ ਹੈ ਤਾਂ ਜੋ ਯੂਕਰੇਨ ਵਿੱਚ ਫਸੇ ਜਲੰਧਰ ਦੇ ਵਿਦਿਆਰਥੀ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਇਸ ਹੈਲਪਲਾਈਨ ਨੰਬਰ 'ਤੇ ਕੁੱਲ 25 ਕਾਲਾਂ ਆਈਆਂ ਅਤੇ ਆਪ੍ਰੇਟਰਾਂ ਵੱਲੋਂ ਕਾਲ ਕਰਨ ਵਾਲਿਆਂ ਤੋਂ ਲੋੜੀਂਦੀ ਜਾਣਕਾਰੀ ਇਕੱਤਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਮੰਗ ਕੀਤੀ ਗਈ, ਇਹ ਜਾਣਕਾਰੀ ਸਬੰਧਤ ਅਥਾਰਟੀ ਨਾਲ ਸਾਂਝੀ ਕਰਨ ਲਈ ਤਿਆਰ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਕ ਗਤੀਸ਼ੀਲ ਕਦਮ ਵਜੋਂ ਜ਼ਿਲ੍ਹੇ ਦੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਦੀ ਇਹ ਜਾਣਕਾਰੀ ਮੰਗ ਕੀਤੇ ਜਾਣ 'ਤੇ ਸਬੰਧਤ ਅਥਾਰਟੀ ਨੂੰ ਮੁਹੱਈਆ ਕਰਵਾਉਣ ਲਈ ਇਕੱਤਰ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰ ਯੂਕਰੇਨ ਵਿੱਚ ਫਸੇ ਹੋਏ ਹਨ, ਉਹ ਇਸ ਹੈਲਪਲਾਈਨ 'ਤੇ ਜਾਣਕਾਰੀ ਸਾਂਝੀ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋਕ ਡਿਪਟੀ ਕਮਿਸ਼ਨਰ ਦਫ਼ਤਰ, ਕਮਰਾ ਨੰ. 22 ਵਿਖੇ ਵੀ ਦਫਤਰੀ ਸਮੇਂ ਦੌਰਾਨ ਯੂਕਰੇਨ ਵਿੱਚ ਫਸੇ ਵਿਅਕਤੀ ਦਾ ਨਾਮ, ਪਿਤਾ ਦਾ ਨਾਮ, ਪਾਸਪੋਰਟ ਨੰਬਰ, ਯੂਨੀਵਰਸਿਟੀ/ਕਾਲਜ ਦਾ ਨਾਮ, ਭਾਰਤ ਤੋਂ ਰਵਾਨਗੀ ਦੀ ਮਿਤੀ, ਯੂਕਰੇਨ ਵਿੱਚ ਉਸ ਦਾ ਪਤਾ ਆਦਿ ਜ਼ਰੂਰੀ ਜਾਣਕਾਰੀ ਸਮੇਤ ਪਹੁੰਚ ਕਰ ਸਕਦੇ ਹਨ ਤਾਂ ਜੋ ਸਾਰੀ ਲੋੜੀਂਦੀ ਜਾਣਕਾਰੀ ਸਬੰਧਤ ਅਥਾਰਟੀ ਨਾਲ ਤੁਰੰਤ ਸਾਂਝੀ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਸੂਚੀ ਭਾਰਤ ਸਰਕਾਰ ਨੂੰ ਅੱਗੇ ਭੇਜਣ ਲਈ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਤਾਂ ਜੋ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਉੱਚ ਪੱਧਰ 'ਤੇ ਉਠਾਇਆ ਜਾ ਸਕੇ।