ਫਾਜ਼ਿਲਕਾ:ਸਤਲੁਜ਼ ਦਾ ਪਾਣੀ ਉਤਰਣਾ ਸ਼ੁਰੂ, ਪ੍ਰਭਾਵਿਤ ਪਿੰਡਾਂ ਵਿਚ ਰਾਹਤ ਸਮੱਗਰੀ ਦੀ ਵੰਡ ਜਾਰੀ
- ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਪਿੰਡ ਪਿੰਡ ਜਾ ਕੇ ਵਧਾਇਆ ਜਾ ਰਿਹਾ ਹੈ ਲੋਕਾਂ ਦਾ ਹੌਂਸਲਾ
- ਹਰਾ ਚਾਰਾ, ਪਸ਼ੂਆਂ ਲਈ ਫੀਡ ਤੇ 1842 ਤਰਪਾਲਾਂ ਵੰਡੀਆਂ
- ਹੁਸੈਨੀਵਾਲਾ ਤੋਂ ਨਿਕਾਸੀ ਘੱਟ ਕੇ ਰਹਿ ਗਈ ਸਿਰਫ 31 ਹਜਾਰ ਕਿਉਸਿਕ— ਡਿਪਟੀ ਕਮਿਸ਼ਨਰ
ਫਾਜ਼ਿਲਕਾ, 16 ਜ਼ੁਲਾਈ 2023 - ਫਾਜ਼ਿਲਕਾ ਦੇ ਕਾਂਵਾਂ ਵਾਲੀ ਪੁਲ ਤੇ ਪਾਣੀ ਦੇ ਵਹਾਅ ਵਿਚ ਕਮੀ ਆਈ ਹੈ।ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਹੈ ਕਿ ਕਾਂਵਾਂ ਵਾਲੀ ਪੁਲ ਤੇ ਪਹਿਲਾਂ ਦੇ ਮੁਕਾਬਲੇ ਪਾਣੀ ਦਾ ਪੱਧਰ ਲਗਭਗ ਸਵਾ ਫੁੱਟ ਨੀਂਵਾਂ ਹੋਇਆ ਹੈ। ਇਸੇ ਤਰਾਂ ਹੁਸੈਨੀਵਾਲਾ ਹੈਡਵਰਕਸ ਤੋਂ ਪਾਣੀ ਦੀ ਨਿਕਾਸੀ ਘੱਟ ਕੇ ਸਿਰਫ 31 ਹਜਾਰ ਕਿਉਸਿਕ ਰਹਿ ਗਈ ਹੈ। ਇਸ ਨਾਲ ਆਉਣ ਵਾਲੇ ਦਿਨ ਫਾਜਿ਼ਲਕਾ ਲਈ ਰਾਹਤ ਵਾਲੇ ਹੋਣਗੇ।ਜਿਵੇਂ ਜਿਵੇਂ ਪਾਣੀ ਘਟੇਗਾ ਖੇਤਾਂ ਤੋਂ ਪਾਣੀ ਵਾਪਿਸ ਨਦੀ ਵੱਲ ਜਾਣ ਲੱਗੇਗਾ ਜਦ ਕਿ ਕੁਝ ਥਾਂਵਾਂ ਤੋਂ ਪਾਣੀ ਨਦੀ ਵਿਚ ਜਾਣਾ ਵੀ ਸ਼ੁਰੂ ਹੋ ਗਿਆ ਹੈ।
ਦੁਜ਼ੇ ਪਾਸੇ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਰਾਹਤ ਸਮੱਗਰੀ ਪਿੰਡਾਂ ਦੇ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਪਿੰਡ ਝੰਗੜ ਭੈਣੀ ਵਿਚ ਉਨ੍ਹਾਂ ਨੇ ਪਸ਼ੂਆਂ ਲਈ ਫੀਡ ਅਤੇ ਤਰਪਾਲਾਂ ਦੀ ਵੰਡ ਕਰਵਾਈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਲਈ ਪੂਰੀ ਤਨਦੇਹੀ ਨਾਲ ਮਦਦ ਪਹੁੰਚਾਉਣ ਵਿਚ ਲੱਗੀ ਹੋਈ ਹੈ ਅਤੇ ਉਹ ਆਪ ਪਿੰਡ ਪਿੰਡ ਜਾਕੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਰ ਪ੍ਰਕਾਰ ਨਾਲ ਲੋਕਾਂ ਦੀ ਮਦਦ ਕਰੇਗੀ ਅਤੇ ਹਰ ਇਕ ਘਰ ਨੂੰ ਅਗਾਮੀ ਬਾਰਿਸ਼ਾ ਤੋਂ ਬਚਾਉਣ ਲਈ ਤਰਪਾਲ ਮੁਹਈਆ ਕਰਵਾਈ ਜਾ ਰਹੀ ਹੈ।
ਇਸ ਤੋਂ ਬਿਨ੍ਹਾਂ ਲਗਾਤਾਰ ਹਰਾ ਚਾਰਾ ਅਤੇ ਤਰਪਾਲਾਂ ਵੀ ਮੁਹਈਆ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਝੰਗੜ ਭੈਣੀ ਤੋਂ ਇਲਾਵਾ ਮਹਾਤਮ ਨਗਰ, ਗੱਟੀ ਨੰਬਰ ਇਕ ਦਾ ਵੀ ਦੌਰਾ ਕੀਤਾ।
ਦੂਜ਼ੇ ਪਾਸੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਇੰਨ੍ਹਾਂ ਇਲਾਕਿਆਂ ਤੋਂ ਪ੍ਰਮੁਖੱਤਾ ਨਾਲ ਹਰੇ ਚਾਰੇ ਅਤੇ ਤਰਪਾਲਾਂ ਦੀ ਮੰਗ ਆ ਰਹੀ ਹੈ। ਇਸ ਲਈ ਪ੍ਰਭਾਵਿਤ ਲਗਭਗ ਪੌਣੀ ਦਰਜਨ ਪਿੰਡਾਂ ਵਿਚ ਹੁਣ ਤੱਕ 1842 ਤਰਪਾਲਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਇਸੇ ਤਰਾਂ ਅੱਜ 19 ਟਰਾਲੀਆਂ ਹਰੇ ਚਾਰੇ ਦੀ ਵੰਡ ਸਿਰਫ ਅੱਜ ਕੀਤੀ ਗਈ ਹੈ ਜਦ ਕਿ ਬੀਤੇ ਕੱਲ ਵੀ 16 ਟਰਾਲੀਆਂ ਹਰਾ ਚਾਰਾ ਇੰਲ੍ਹਾਂ ਪਿੰਡਾਂ ਵਿਚ ਵੰਡਿਆ ਗਿਆ ਸੀ।। ਜਦ ਕਿ 50 ਕਿਉਂਟਲ ਪਸ਼ੂਆਂ ਲਈ ਸੱੁਕੇ ਫੀਡ ਦੀ ਵੰਡ ਅੱਜ ਕੀਤੀ ਗਈ ਹੈ।
ਇਸ ਤੋਂ ਬਿਨ੍ਹਾਂ ਫਾਜਿ਼ਲਕਾ ਦੇ ਐਸਡੀਐਮ ਸ੍ਰੀ ਨਿਕਾਸ ਖੀਂਚੜ ਨੇ ਵੀ ਅੱਜ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਰਾਹਤ ਸਮੱਗਰੀ ਦੀ ਸਹੀ ਵੰਡ ਕਰਵਾਈ। ਦੂਜ਼ੇ ਪਾਸੇ ਜਿ਼ਲ੍ਹਾ ਪ੍ਰਸ਼ਾਸਨ ਨੇ ਪ੍ਰਭਾਵਿਤ ਪਿੰਡਾਂ ਲਈ ਰਾਹਤ ਸਮੱਗਰੀ ਦੀ ਲੋੜਵੰਦ ਲੋਕਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਕਮੇਟੀਆਂ ਦਾ ਗਠਨ ਕੀਤਾ ਹੈ ਜਿੰਨ੍ਹਾਂ ਦੀ ਹਾਜਰੀ ਵਿਚ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ।