ਹੜ੍ਹਾਂ ਦੌਰਾਨ ਘਰਾਂ ਦੁਕਾਨਾਂ ਤੇ ਹੋਣ ਵਾਲੇ ਆਮ ਹਾਦਸਿਆਂ ਤੋਂ ਕਿਵੇਂ ਬਚਿਆ ਜਾਵੇ, ਆਓ ਪੜ੍ਹਦੇ ਹਾਂ ਕਾਕਾ ਰਾਮ ਵਰਮਾ ਦੇ ਵਿਚਾਰ
ਗੁਰਪ੍ਰੀਤ ਸਿੰਘ ਜਖਵਾਲੀ
ਸਰਹਿੰਦ 19 ਜੁਲਾਈ 2023 - ਸੱਪ ਦਾ ਡਰ ਅਤੇ ਡੰਗ ਮਾਰਨਾ - ਧਰਤੀ ਤੇ ਹਜ਼ਾਰਾਂ ਕਿਸਮ ਦੇ ਸੱਪ ਹਨ, ਭਾਰਤ ਵਿਚ ਦੋ ਸੌ ਤੋਂ ਵੱਧ ਕਿਸਮਾਂ ਦੇ ਸੱਪ ਮਿਲਦੇ ਹਨ। 95 ਪ੍ਰਤੀਸ਼ਤ ਸੱਪਾਂ ਵਿਚ ਕੋਈ ਜ਼ਹਿਰ ਨਹੀਂ ਹੁੰਦੀ, ਪਰ ਇਨਸਾਨ ਡਰ ਦਹਿਸ਼ਤ ਸਦਮੇ ਕਾਰਨ ਮਰ ਸਕਦਾ ਹੈ। ਜਦੋਂ ਸੱਪ ਡਰ ਜਾਂਦਾ ਤਾਂ ਆਪਣੇ ਬਚਾਅ ਲਈ ਜਲਦਬਾਜ਼ੀ ਵਿੱਚ ਡੰਗ ਮਾਰਦਾ ਅਤੇ ਡੰਗ ਮਾਰਦੇ ਹੋਏ ਉਸਦੀ ਜ਼ਹਿਰ ਇਨਸਾਨ ਦੇ ਸਰੀਰ ਵਿੱਚ ਨਹੀਂ ਜਾਂਦੀ।
ਜੇਕਰ ਇਨਸਾਨ ਨੇ ਜੁਰਾਬਾਂ ਪਾਈਆਂ ਲੱਤਾਂ ਤੇ ਪੈਂਟ ਜਾ ਸ਼ਲਵਾਰ ਹੈ, ਤਾਂ ਜ਼ਹਿਰ ਕਪੜਿਆਂ ਵਿੱਚ ਹੀ ਰਹਿ ਜਾਂਦੀ ਹੈ। ਸੱਪ ਦੇ ਡੰਸਣ ਤੇ ਤਿੰਨ ਕੰਮ ਨਹੀਂ ਕਰਨੇ, ਮੂੰਹ ਨਾਲ ਜ਼ਹਿਰ ਨਹੀਂ ਚੂਸਦੇ, ਡੰਗ ਵਾਲੀ ਥਾਂ ਕੋਈ ਕੱਟ ਜਾ ਚੀਰਾਂ ਨਹੀਂ ਲਗਾਉਂਦੇ। ਜਿਸ ਥਾਂ ਤੇ ਸੱਪ ਨੇ ਡੰਗ ਮਾਰਿਆਂ, ਉਸ ਤੋਂ ਉਪਰ ਟੂਰਨੀਕੇਟ ਜਾਂ ਕੋਈ ਪੱਟੀ ਨਹੀਂ ਬੰਨਣੀ, ਪੁਰਾਣੇ ਸਮਿਆਂ ਵਿੱਚ ਲੋਕਾਂ ਵਲੋਂ ਇਹ ਸਭ ਕੀਤੇ ਜਾਂਦੇ ਸਨ। ਪੀੜਤ ਨੂੰ ਆਰਾਮ ਨਾਲ ਲਿਟਾ ਦਿਓ ਪਰ ਸੌਣ ਨਹੀਂ ਦੇਣਾ। ਜਿਸ ਹੱਥ ਜਾਂ ਪੈਰ ਤੋਂ ਡੰਸਿਆ ਉਸਨੂੰ ਨੀਵਾਂ ਹੀ ਰਹਿਣ ਦਿਓ, ਪੀੜਤ ਨੂੰ ਹੌਸਲਾ ਦਿਓ। ਉਸਦੀ ਨਬਜ਼ ਸਾਹ ਕਿਰਿਆ ਅਤੇ ਅੱਖਾਂ ਦੀ ਜਾਂਚ ਕਰਦੇ ਰਹੋ। ਡੰਗ ਵਾਲੀ ਥਾਂ ਨੂੰ ਕਿਸੇ ਦਵਾਈ ਜਾਂ ਸਾਬਣ ਪਾਣੀ ਨਾਲ ਸਾਫ ਕਰੋ, ਪਰ ਆਪਣੇ ਹੱਥਾਂ ਤੇ ਪਾਲੀਧੀਨ ਦੇ ਲਿਫਾਫੇ ਪਾ ਲਵੋ ਤਾਂ ਜੋ ਪਾਣੀ ਹੇਠਾਂ ਡਿੱਗਦਾ ਰਹੇ , ਜਾਂ ਦਵਾਈ ਤੁਹਾਡੇ ਹੱਥਾਂ ਪੈਰਾਂ ਤੇ ਨਾ ਪਵੇ।
ਮਰੀਜ਼ ਨੂੰ ਤੁਰੰਤ ਚੱਲਣ ਨਹੀਂ ਦੇਣਾ ਅਤੇ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਲੈਕੇ ਜਾਓ ਕਿਉਂਕਿ ਸਰਕਾਰੀ ਹਸਪਤਾਲਾਂ ਵਿਖੇ ਸੱਪ ਕੁੱਤੇ ਦੇ ਐਂਟੀ ਸੀਰਮ ਹੁੰਦੇ ਹਨ। ਕਿਸੇ ਬਾਬੇ ਸਾਧ ਸੰਤ ਕੋਲ ਲੈਕੇ ਨਹੀਂ ਜਾਣਾ। ਜੇਕਰ ਪੀੜਤ ਦੀ ਨਬਜ਼ ਸਾਹ ਕਿਰਿਆ ਬਹੁਤ ਹੌਲੀ ਜਾਂ ਬੰਦ ਹੈ ਤਾਂ ਸੀ ਪੀ ਆਰ, ਰਿਕਵਰੀ ਪੁਜੀਸ਼ਨ ਜਾਂ ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਕਰਨੀ ਚਾਹੀਦੀ ਹੈ। ਪੀੜਤ ਨੂੰ ਕਦੇ ਵੀ ਮਰਿਆ ਹੋਇਆ ਨਹੀਂ ਸਮਝਣਾ ਚਾਹੀਦਾ,
ਇਸ ਦੀ ਪੁਸ਼ਟੀ ਡਾਕਟਰ ਕਰਦੇ ਹਨ। ਜੇਕਰ ਘਰਾਂ ਦੁਕਾਨਾਂ ਹੋਟਲਾਂ ਢਾਬਿਆਂ ਵਿਚ ਸੱਪ ਆ ਗਿਆ ਤਾਂ ਉਸਨੂੰ ਮਾਰਨਾ ਨਹੀਂ ਚਾਹੀਦਾ ਸਗੋਂ,8253900002 ਤੇ ਫੋਨ ਕਰਕੇ ਮਦਦ ਲਵੋ। ਕਰੰਟ ਲੱਗਣਾ= ਬਰਸਾਤਾਂ ਵਿਚ ਦੀਵਾਰਾਂ ਬਿਜਲੀ ਦੇ ਉਪਕਰਨਾਂ ਜਿਵੇਂ ਫਰਿਜ਼ ਪ੍ਰੈਸ ਟੀ ਵੀ ਵਾਸਿੰਗ ਮਸ਼ੀਨ ਅਤੇ ਸਵਿੱਚਾਂ ਵਿਚ ਕਰੰਟ ਆ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਘਰ ਵਿੱਚ ਹਮੇਸ਼ਾ ਚੱਪਲਾਂ ਪਾਕੇ ਰੱਖੋਂ, ਗਿੱਲੇ ਕੱਪੜੇ ਜਾਂ ਹੱਥਾਂ ਨਾਲ ਕਿਸੇ ਦੀਵਾਰ ਜਾ ਬਿਜਲੀ ਉਪਕਰਨ ਨੂੰ ਹੱਥ ਨਾ ਲਗਾਓ। ਨੰਗੀਆਂ ਜਾਂ ਖੁਲੀਆਂ ਤਾਰਾਂ ਤੇ ਟੇਪ ਲਪੇਟ ਦਿਉ ਅਤੇ ਉਚੀਆਂ ਕਰਕੇ ਰੱਖੋ।
ਖ਼ਾਲੀ ਪਏ, ਪਾਵਰ ਪਲੰਗਾਂ ਨੂੰ ਟੇਪ ਨਾਲ ਬੰਦ ਕਰਵਾਉ। ਬਰਸਾਤਾਂ ਵਿਚ ਏ ਸੀ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਕੂਲਰਾਂ ਦਾ ਪਾਣੀ ਦੋ ਤਿੰਨ ਦਿਨਾਂ ਮਗਰੋਂ ਬਦਲੋ। ਜੇਕਰ ਕਿਸੇ ਨੂੰ ਕਰੰਟ ਲਗੇ ਤਾਂ ਸੱਭ ਤੋਂ ਪਹਿਲਾਂ ਪੈਰਾਂ ਵਿਚ ਚੱਪਲ ਪਾਕੇ ਸਵਿੱਚ ਬੰਦ ਕਰੋ। ਪੀੜਤ ਨੂੰ ਕਿਸੇ ਸੁੱਕੇ ਕੱਪੜੇ ਨਾਲ ਪਰੇ ਕਰਕੇ ਉਸਦੀ ਸਾਹ ਕਿਰਿਆ ਨਬਜ਼ ਦਿਲ ਦੀ ਧੜਕਣ ਦੀ ਜਾਂਚ ਕਰੋ ਅਤੇ ਜੇਕਰ ਇਹ ਬੰਦ ਹੋਣ ਤਾਂ ਸੀ ਪੀ ਆਰ ਕਰੋਂ। ਕਰੰਟ ਲੱਗਣ ਤੇ ਅਕਸਰ ਪੀੜਤਾਂ ਦੇ ਦਿਲ ਦਿਮਾਗ ਉੱਤੇ ਅਸਰ ਪੈਂਦਾ। ਇਸ ਲਈ ਦਿਲ ਦਿਮਾਗ ਸਾਹ ਕਿਰਿਆ ਨੂੰ ਦੁਆਰਾ ਚਲਾਉਣ ਲਈ ਸੀ ਪੀ ਆਰ ਹੀ ਕੀਤਾ ਜਾਂਦਾ ਹੈ।
ਪਰ ਪੀੜਤ ਨੂੰ ਪਾਣੀ ਨਹੀਂ ਪਿਲਾਉਣਾ, ਹੱਥਾਂ ਪੈਰਾਂ ਦੀ ਮਾਲਸ਼ ਨਹੀਂ ਕਰਦੇ, ਮੂੰਹ ਤੇ ਪਾਣੀ ਦੇ ਛਿੱਟੇ ਨਹੀਂ ਮਾਰਦੇ। ਹਮੇਸ਼ਾ ਰਿਕਵਰੀ ਪੁਜੀਸ਼ਨ ਵਿੱਚ ਲਿਟਾ ਕੇ ਰੱਖੋ। ਹਲਕਾਅ ਤੋਂ ਬਚਾਉ= ਕੁੱਤੇ ਬਿੱਲੀਆਂ ਬਾਂਦਰ ਜਾ ਗਾਂ ਮੱਝ ਘੋੜੇ ਆਦਿ ਦੇ ਕੱਟਣ ਨਾਲ ਇਨਸਾਨ ਬੱਚਿਆਂ ਨੌਜਵਾਨਾਂ ਬਜ਼ੁਰਗਾਂ ਨੂੰ ਹਲਕ ਜਾ ਰੈਬੀਜ ਹੋ ਰਹੀਆਂ ਹਨ, ਅਤੇ ਰੈਬੀਜ ਹੋਣ ਤੇ ਇਲਾਜ ਨਹੀਂ ਹੈ।ਇਸ ਲਈ ਜੇਕਰ ਕੋਈ ਜਾਨਵਰ ਕੱਟਦੇ ਜਾਂ ਉਨ੍ਹਾਂ ਦੇ ਮੂੰਹ ਵਿੱਚੋ ਨਿਕਲਕੇ ਝੱਗ ਸਰੀਰ ਦੇ ਅੰਗਾਂ ਤੇ ਲੱਗਦੀ ਤਾਂ ਉਸ ਅੰਗ ਜਾ ਕੱਟੀ ਥਾਂ ਨੂੰ ਪਾਣੀ ਅਤੇ ਸਾਬਣ ਨਾਲ 10 ਵਾਰ ਸਾਫ਼ ਕਰੋ, ਪਰ ਜ਼ਖ਼ਮ ਵਾਲ਼ੀ ਥਾਂ ਪੱਟੀ ਨਹੀਂ ਬੰਨਣੀ। ਅਤੇ ਹਮੇਸ਼ਾ ਸਰਕਾਰੀ ਹਸਪਤਾਲ ਲੈਕੇ ਜਾਣਾ ਚਾਹੀਦਾ ਹੈ ਅਤੇ ਕੱਟਣ ਵਾਲੇ ਜਾਨਵਰ ਨੂੰ 10 ਦਿਨਾਂ ਤੱਕ ਗੌਰ ਨਾਲ ਦੇਖਣਾ ਚਾਹੀਦਾ, ਜੇਕਰ ਉਸ ਵਿੱਚ ਪਾਲਗਪਣ ਵਾਲੀਆਂ ਨਿਸ਼ਾਨੀਆਂ ਹੋਣ, ਤਾਂ ਉਸਨੂੰ ਮਰਵਾ ਦੇਣਾ ਚਾਹੀਦਾ ਹੈ ਅਤੇ ਪੀੜਤ ਨੂੰ ਡਾਕਟਰ ਦੀ ਸਲਾਹ ਅਨੁਸਾਰ ਟੀਕੇ ਲਗਵਾਉਣੇ ਚਾਹੀਦੇ ਹਨ। ਘਰ ਵਿੱਚ ਪਾਲੇ ਹੋਏ ਜਾਨਵਰਾਂ ਨੂੰ ਵੀ ਡੰਗਰਾਂ ਦਾ ਇਲਾਜ ਕਰਦੇ ਡਾਕਟਰਾਂ ਦੀ ਸਲਾਹ ਅਨੁਸਾਰ ਟੀਕੇ ਲਗਵਾਉਣੇ ਚਾਹੀਦੇ ਹਨ।
ਟੱਟੀਆਂ ਉਲਟੀਆਂ ਲਗਣ ਤੇ ਪੀੜਤ ਨੂੰ ਉਬਲਿਆ ਪਾਣੀ ਠੰਡਾ ਕਰਕੇ, ਸੰਕਜਵੀ ਬਣਾਕੇ ਹਰ ਘੰਟੇ ਬਾਅਦ ਦਿਓ, ਮਿੱਠਾ ਵੱਧ ਦਿਓ, ਦਵਾਈ ਵੀ ਖਵਾਓ । ਪਹਿਲਾਂ ਤੋਂ ਕੱਟਕੇ ਰੱਖੇ ਫ਼ਲ ਨਾ ਖਾਓ, ਸਬਜ਼ੀਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਲਾਲ ਦਵਾਈ ਜਾਂ ਮਿੱਠੇ ਸੋਡੇ ਨਾਲ ਸਾਫ ਪਾਣੀ ਨਾਲ ਸਾਫ ਕਰੋ, ਸਬਜ਼ੀਆਂ ਫ਼ਲ ਖਰੀਦਕੇ ਸਾਫ ਕਰਕੇ ਹੀ ਫਰਿਜ਼ ਜਾ ਟੋਕਰੀ ਵਿੱਚ ਰੱਖੋ। ਬੂਟ ਜੁਰਾਬਾਂ ਪਾਉਂਣ ਤੋਂ ਪਹਿਲਾਂ ਇਨ੍ਹਾਂ ਨੂੰ ਸਾਫ ਕਰੋ ਕਿ ਇਨ੍ਹਾਂ ਵਿਚ ਕੀੜੇ ਮਕੌੜੇ ਨਾ ਹੋਣ। ਬੈਠੇ ਬੈਠੇ ਆਪਣੇ ਪੈਰਾਂ ਨੂੰ ਹਿਲਾਉਂਦੇ ਰਹੋ।