ਹਲਕਾ ਸ਼ੁਤਰਾਣਾ ਦੇ MLA ਕੁਲਵੰਤ ਸਿੰਘ ਵੱਲੋਂ CM ਮਾਨ ਨਾਲ ਮੁਲਾਕਾਤ, ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ
ਪਾਤੜਾਂ/ਸ਼ੁਤਰਾਣਾ, ਪਟਿਆਲਾ, 29 ਜੁਲਾਈ 2023 - ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਆਪਣੇ ਹਲਕੇ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਤੋਂ ਜਾਣੂ ਕਰਵਾਇਆ ਹੈ। ਵਿਧਾਇਕ ਨੇ ਅੱਜ ਇਸ ਮੁਲਾਕਾਤ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਹੜ੍ਹਾਂ ਕਰਕੇ ਹੋਏ ਨੁਕਸਾਨ ਤੋਂ ਚਿੰਤਤ ਹਨ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਹੜ੍ਹਾਂ ਤੋਂ ਪ੍ਰਭਾਵਿਤ ਹਰ ਨਾਗਰਿਕ ਦੀ ਪੰਜਾਬ ਸਰਕਾਰ ਵੱਲੋਂ ਸੰਭਵ ਸਹਾਇਤਾ ਕੀਤੀ ਜਾਵੇਗੀ।
ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਘੱਗਰ ਦੀ ਮਾਰ ਕਰਕੇ ਜਿਹੜੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਜਿੱਥੇ ਵਿਸ਼ੇਸ਼ ਗਿਰਦਾਵਰੀ ਕਰਕੇ ਬਹੁਤ ਜਲਦ ਮੁਆਵਜ਼ਾ ਦਿੱਤਾ ਜਾਵੇਗਾ ਉਥੇ ਹੀ ਝੋਨੇ ਦੀ ਫ਼ਸਲ ਦੁਬਾਰਾ ਲਗਾਉਣ ਲਈ ਪਨੀਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਲੋਕਾਂ ਦੇ ਹੜ੍ਹਾਂ ਕਰਕੇ ਘਰ ਨੁਕਸਾਨੇ ਗਏ ਹਨ, ਉਨ੍ਹਾਂ ਨੂੰ ਵੀ ਯੋਗ ਮੁਆਵਜਾ ਦਿੱਤਾ ਜਾਵੇਗਾ।
ਐਮ.ਐਲ.ਏ. ਕੁਲਵੰਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਹਲਕੇ ਅੰਦਰ ਜਿਹੜੀਆਂ ਸੜਕਾਂ ਪਾਣੀ ਕਰਕੇ ਨੁਕਸਾਨੀਆਂ ਗਈਆਂ ਹਨ, ਉਨ੍ਹਾਂ ਦੀ ਮੁਰੰਮਤ ਦਾ ਕੰਮ ਵੀ ਬਹੁਤ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ, ਜਦਕਿ ਘੱਗਰ ਵਿੱਚ ਪਏ ਪਾੜਾਂ ਨੂੰ ਪਹਿਲਾਂ ਹੀ ਪੂਰਿਆ ਜਾ ਰਿਹਾ ਹੈ।
ਕੁਲਵੰਤ ਸਿੰਘ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਹਲਕੇ ਦੀਆਂ ਸਾਰੀਆਂ ਮੰਗਾਂ ਰੱਖੀਆਂ, ਜਿਸ 'ਤੇ ਮੁੱਖ ਮੰਤਰੀ ਨੇ ਪੂਰਾ ਭਰੋਸਾ ਦਿੱਤਾ ਹੈ ਕਿ ਹਲਕਾ ਸ਼ੁਤਰਾਣਾ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।