ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਨੇ ਫੜੀ ਹੜ੍ਹ ਪੀੜਤਾਂ ਦੀ ਬਾਂਹ, ਪਸ਼ੂਆਂ ਲਈ 400 ਕੁਇੰਟਲ ਮੱਕੀ ਦਾ ਆਚਾਰ ਭੇਜਿਆ
ਰਾਕੇਸ਼ ਨਈਅਰ ਚੋਹਲਾ
ਹਰੀਕੇ ਪੱਤਣ/ਤਰਨਤਾਰਨ,22 ਜੁਲਾਈ 2023 - ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਅੰਮ੍ਰਿਤਸਰ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ ਅਤੇ ਤਰਨਤਾਰਨ ਜ਼ਿਲ੍ਹੇ ਦੇ ਦਰਿਆ ਬਿਆਸ ਨਾਲ ਲੱਗਦੇ ਦਰਜਨਾਂ ਪਿੰਡਾਂ ਵਿੱਚ ਹੜ੍ਹਾਂ ਦੀ ਮਾਰ ਕਾਰਨ ਫਸਲਾਂ ਬਰਬਾਦ ਹੋ ਜਾਣ ਕਾਰਨ ਇਹਨਾਂ ਪਿੰਡਾਂ ਵਿੱਚ ਐਸੋਸੀਏਸ਼ਨ ਵੱਲੋਂ 400 ਕੁਇੰਟਲ ਮੱਕੀ ਦਾ ਆਚਾਰ ਵੰਡਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਤਰਨ ਤਾਰਨ ਜ਼ਿਲ੍ਹੇ ਦੇ ਕਰੀਬ 32 ਪਿੰਡ ਵੱਡੇ ਪੱਧਰ 'ਤੇ ਪਾਣੀ ਦੀ ਮਾਰ ਹੇਠ ਆਏ ਹਨ। ਇਸ ਕਾਰਨ ਇਹਨਾਂ ਪਿੰਡਾਂ ਦੇ ਵਸਨੀਕਾਂ ਨੂੰ ਆਪਣੇ ਮਾਲ ਡੰਗਰ ਨਾਲ ਘਰਾਂ ਨੂੰ ਛੱਡ ਕੇ ਉੱਚੇ ਥਾਂ 'ਤੇ ਹਿਜਰਤ ਕਰਨੀ ਪਈ ਹੈ।ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਕਾਰਕੁਨਾਂ ਵੱਲੋਂ ਅੱਜ ਪਿੰਡਾਂ ਵਿੱਚ ਜਾ ਕੇ ਬੇਜ਼ੁਬਾਨ ਪਸ਼ੂਆਂ ਲਈ ਚਾਰਾ ਵੰਡਿਆ ਗਿਆ।ਲੋਕਾਂ ਵਲੋਂ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਉਘੇ ਪੱਤਰਕਾਰ ਰਾਜਨ ਮਾਨ, ਸਕੱਤਰ ਵਿਜੇ ਕੁਮਾਰ,ਵਿੱਤ ਸਕੱਤਰ ਗੁਰਦੇਵ ਸਿੰਘ ਮਾਹਲ ਰਟਾਇਰਡ ਜਨਰਲ ਮੈਨੇਜਰ, ਡਾਕਟਰ ਰਘਬੀਰ ਸਿੰਘ, ਦਿਲਬਾਗ ਸਿੰਘ ਸੰਧੂ, ਪ੍ਰੋਫੈਸਰ ਰਾਜਕਰਨ ਸਿੰਘ ਰੰਧਾਵਾ, ਰਾਜਬੀਰ ਸਿੰਘ ਸੰਧੂ ਨੇ ਦੱਸਿਆ ਕਿ ਐਸੋਸੀਏਸ਼ਨ ਨੇ ਇਹ ਮਹਿਸੂਸ ਕੀਤਾ ਕਿ ਪਾਣੀ ਦੀ ਮਾਰ ਹੇਠ ਆਉਣ ਕਾਰਨ ਜਿੱਥੇ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ ਓਥੇ ਕਿਸਾਨਾਂ ਦੇ ਪਸ਼ੂ ਧੰਨ ਲਈ ਹਰੇ ਚਾਰੇ ਦੀ ਸਮੱਸਿਆ ਸਭ ਤੋਂ ਵੱਡੀ ਮੁਸ਼ਕਿਲ ਵੱਜੋਂ ਉੱਭਰ ਕੇ ਸਾਹਮਣੇ ਆਈ ਹੈ।
ਉਹਨਾਂ ਕਿਹਾ ਕਿ ਸਾਡੇ ਵੱਲੋਂ 400 ਕੁਇੰਟਲ ਮੱਕੀ ਦਾ ਅਚਾਰ ਅੱਜ ਦਰਿਆ ਨਾਲ ਲੱਗਦੇ ਪਿੰਡਾਂ ਘੜੁੰਮ,ਗਦਾਈ ਏ, ਘੁੱਲੇਵਾਲਾ, ਕੋਟਬੁੱਢਾ, ਕੁੱਤੀਵਾਲਾ, ਡੂੰਮਣੀ ਵਾਲਾ, ਤੋਂ ਲੈ ਕੇ ਮੁੱਠਿਆਂ ਵਾਲੀ ਸਮੇਤ 32 ਪਿੰਡਾਂ ਦੇ ਕਿਸਾਨਾਂ ਨੂੰ ਤਕਸੀਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਦੁੱਖ ਦੀ ਘੜੀ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਕਿਸਾਨ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਮਦਦ ਕਰੀਏ। ਉਹਨਾਂ ਕਿਹਾ ਕਿ ਪਾਣੀ ਦੀ ਮਾਰ ਕਾਰਨ ਲੋਕਾਂ ਦੀਆਂ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ ਅਤੇ ਇਹ ਲੋਕ ਪਹਿਲਾਂ ਹੀ ਸਮੇਂ ਸਮੇਂ 'ਤੇ ਕੁਦਰਤੀ ਆਫ਼ਤਾਂ ਤੋਂ ਪੀੜਤ ਹਨ। ਉਹਨਾਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਇਹਨਾਂ ਲੋਕਾਂ ਨੂੰ ਸਾਡੀ ਹੋਰ ਮਦਦ ਦੀ ਲੋੜ ਨਾ ਪਵੇ ਅਤੇ ਹਾਲਾਤ ਆਮ ਵਰਗੇ ਹੋ ਜਾਣ ਅਤੇ ਜੇਕਰ ਅੱਗੇ ਉਹਨਾਂ ਨੂੰ ਕੋਈ ਵੀ ਜਰੂਰਤ ਪਵੇਗੀ ਤਾਂ ਉਹ ਇਹਨਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਣਗੇ।
ਇਸ ਮੌਕੇ 'ਤੇ ਪਸ਼ੂਆਂ ਲਈ ਆਚਾਰ ਲੈ ਰਹੇ ਨੌਜਵਾਨ ਮੰਗਦੇਵ ਸਿੰਘ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਆਏ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਆਗੂਆਂ ਵਲੋਂ ਜੋ ਸੇਵਾ ਕੀਤੀ ਜਾ ਰਹੀ ਹੈ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਅੱਜ ਦੁੱਖ ਦੀ ਘੜੀ ਵਿੱਚ ਸਾਡੀ ਬਾਂਹ ਫੜੀ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਸਭ ਤੋਂ ਵੱਡੀ ਜ਼ਰੂਰਤ ਪਸ਼ੂਆਂ ਦੇ ਚਾਰੇ ਦੀ ਹੀ ਹੈ ਕਿਉਂ ਕਿ ਸਾਡੀਆਂ ਜ਼ਮੀਨਾਂ ਧੁੱਸੀ ਤੋਂ ਪਾਰ ਹੋਣ ਕਰਕੇ ਫਸਲਾਂ ਤੇ ਚਾਰੇ ਬਰਬਾਦ ਹੋ ਗਏ ਹਨ। ਉਹਨਾਂ ਕਿਹਾ ਕਿ ਕਈ ਲੋਕਾਂ ਦੇ ਘਰ ਵੀ ਡੁੱਬ ਗਏ ਹਨ ਅਤੇ ਉਹ ਟੈਂਟ ਲਾ ਕੇ ਹਰੀਕੇ ਨੇੜੇ ਰਹਿ ਰਹੇ ਹਨ।
ਟਾਊਨਸ਼ਿਪ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਕਾਲੋਨੀ ਵਾਸੀਆਂ ਅਤੇ ਪੰਜਾਬ ਐਗਰੋ ਦੀ ਮਦਦ ਨਾਲ ਇਹ ਉਪਰਾਲਾ ਕੀਤਾ ਗਿਆ ਹੈ।