ਜੈਕਾਰਿਆਂ ਦੀ ਗੂੰਜ਼ ’ਚ ਸੰਤ ਸੀਚੇਵਾਲ ਦੀ ਅਗਵਾਈ ’ਚ ਸਤਲੁਜ ਦਰਿਆ ਦੇ ਦੂਜੇ ਪਾੜ ਨੂੰ ਪੂਰਨ ਦਾ ਕਾਰਜ਼ ਸ਼ੁਰੂ
- ਸੰਗਤਾਂ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਭਰ ਕੇ ਲਿਆ ਰਹੀਆਂ ਹਨ ਮਿੱਟੀ ਦੇ ਬੋਰੇ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 18 ਜੁਲਾਈ 2023 - ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਏ ਦੂਜੇ ਪਾੜ ਨੂੰ ਪੂਰਨ ਦਾ ਕੰਮ ਅੱਜ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਵਿੱਚ ਰਾਜ ਸਭਾ ਮੈਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ। ਗੱਟਾ ਮੰੁਡੀ ਕਾਸੂ ਨੇੜੇ 925 ਫੱੁਟ ਦੇ ਕਰੀਬ ਪਏ ਪਾੜ ਨੂੰ ਪੂਰਨ ਦਾ ਕੰਮ ਧੱਕਾਬਸਤੀ ਵਾਲੇ ਪਾਸੇ ਪੂਰੇ ਜੋਰ ਸ਼ੋਰ ਨਾਲ ਚੱਲ ਪਿਆ ਹੈ। ਡਰੇਨੇਜ਼ ਵਿਭਾਗ ਅਨੁਸਾਰ ਜਿੱਥੇ ਇਹ ਪਾੜ 925 ਫੁੱਟ ਦੇ ਕਰੀਬ ਚੌੜਾ ਹੈ। ਉੱਥੇ ਇਹ 16 ਫੁੱਟ, 23 ਫੱੁਟ, 32 ਫੁੱਟ, 48 ਫੁੱਟ ਤੇ ਫਿਰ 43 ਫੁੱਟ 25 ਫੁੱਟ ਤੱਕ ਡੂੰਘਾ ਹੈ। ਇਸ ਡੂੰਘੇ ਪਾਣੀਆਂ ਵਿੱਚ ਮਿੱਟੀ ਦੇ ਭਰੇ ਬੋਰਿਆਂ ਦੇ ਕਰੇਟ ਲੋਹੇ ਦੇ ਬਣੇ ਜਾਲ ਨਾਲ ਬਣਾਏ ਜਾ ਰਹੇ ਹਨ ਤਾਂ ਜੋ ਬੰਨ੍ਹ ਨੂੰ ਡੂਘੇ ਪਾਣੀਆਂ ਵਿੱਚੋਂ ਮਜ਼ਬੂਤੀ ਨਾਲ ਬਣਾਇਆ ਜਾ ਸਕੇ। ਅੱਤ ਦੀ ਗਰਮੀ ਵਿੱਚ ਵੱਖ-ਵੱਖ ਇਲਾਕਿਆਂ ਵਿੱਚੋਂ ਆਈਆਂ ਸੰਗਤਾਂ ਨੇ ਪੂਰੇ ਉਤਸ਼ਾਹ ਨਾਲ ਬੰਨ੍ਹ ਬੰਨਣ ਵਿੱਚ ਅਪਣਾ ਯੋਗਦਾਨ ਪਾਇਆ।
ਇਸ ਮੌਕੇ ਲੁਧਿਆਣੇ ਦੇ ਤੋਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਆਪਣੇ ਸੇਵਾਦਾਰਾਂ ਸਮੇਤ ਸੰਤ ਸੀਚੇਵਾਲ ਜੀ ਨੂੰ ਮਿਲਣ ਲਈ ਚੱਲ ਰਹੀ ਕਾਰਸੇਵਾ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਉਹਨਾਂ ਕਿਹਾ ਕਿ ਪਿੰਡ ਮੰਡਾਲਾ ਵਿੱਚ ਪਏ ਪਾੜ ਨੂੰ ਸੰਤ ਸੀਚੇਵਾਲ ਨੇ 5 ਦਿਨਾਂ ਵਿੱਚ ਪਏ ਪਾੜ ਨੂੰ ਪੂਰ ਦਿੱਤਾ ਸੀ ਤੇ ਹੁਣ ਉਹ ਦੂਜੇ ਪਾੜ ਨੂੰ ਪੂਰਨ ਵਿੱਚ ਜੁੱਟ ਗਏ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਅਪਾਣੀ ਸਹਾਇਤਾ ਖੁਦ ਕਰ ਸਕਦਾ ਹੈ। ਪੰਜਾਬ ਨੇ ਪੂਰੇ ਦੇਸ਼ ਨੂੰ ਸੁਨੇਹਾ ਦਿੱਤਾ ਹੈ ਕਿ ਇੱਥੇ ਮੁਸੀਬਤ ਸਮੇਂ ਹਰ ਇੱਕ ਧਰਮ ਇਕ ਹੋ ਕੇ ਖੜ੍ਹੇ ਹੋ ਜਾਂਦੇ ਹਨ।
ਇਸ ਬੰਨ੍ਹਾਂ ਉਪਰ ਧੱਕਾ ਬਸਤੀ ਦੇ ਜਿਹੜੇ ਲੋਕਾਂ ਦੇ ਘਰ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਏ ਸਨ ਉਹਨਾਂ ਨੂੰ ਬਿਨਾਂ ਪ੍ਰਸ਼ਾਸ਼ਨ ਦੀ ਮਦੱਦ ਨਾਲ ਪਿੰਡ ਨੱਲ ਦੀ ਦਾਣਾ ਮੰਡੀ ਚ ਭੇਜਿਆ ਗਿਆ ਹੈ ਤੇ ਜਿੱਥੇ ਉਹਨਾਂ ਲਈ ਰਾਹਤ ਸਮੱਗਰੀ ਤੇ ਚਾਰਾ ਭੇਜਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹਨਾਂ ਦਾ ਪੂਰਾ ਇੱਕ ਦਿਨ ਰਸਤੇ ਨੂੰ ਚੌੜਾ ਤੇ ਮਜ਼ਬੂਤ ਕਰਨ ਵਿੱਚ ਲੱਗ ਗਿਆ ਸੀ ਕਿਉਂਕਿ ਪਾੜ ਵਾਲੀ ਥਾਂ ਤੇ ਟਰੈਕਟਰ ਟਰਾਲੀਆਂ ਤੇ ਟਿੱਪਰ ਤੱਦ ਹੀ ਪਹੁੰਚ ਸਕਦੇ ਸੀ ਜੇਕਰ ਉਹ ਰਸਤੇ ਠੀਕ ਹੋਵਣਗੇ ਤਾਂ ਹੀ ਸਾਧਨ ਸੌਕੇ ਆ ਜਾ ਸਕਦੇ ਹਨ।
ਬਾਕਸ ਆਈਟਮ:
ਜਦੋਂ ਬੰਨ੍ਹ ਤੇ ਨਮਾਜ਼ ਪੜੀ ਗਈ: ਗੱਟਾ ਮੁੰਡੀ ਕਾਸੂ ਬੰਨ੍ਹ ਜਿੱਥੇ ਕਾਰਸੇਵਾ ਨਾਲ ਪਾੜ ਪੂਰਿਆ ਜਾ ਰਿਹਾ ਹੈ ਉੱਥੇ ਹੀ ਅੱਜ ਸ਼ਾਮ ਮਾਹੌਲ ਧਾਰਮਿਕ ਹੋ ਗਿਆ ਜਦੋਂ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਅਗਵਾਈ ਵਿੱਚ ਉਹਨਾਂ ਨਾਲ ਆਏ ਲੋਕਾਂ ਨੇ ਨਮਾਜ਼ ਪੜੀ ਅਤੇ ਅੱਲਾ ਤਾਲਾ ਅੱਗੇ ਹੜ੍ਹ ਪੀੜਤਾਂ ਲਈ ਖੈਰ ਸੁੱਖ ਮੰਗੀ। ਇਸ ਮਾਹੌਲ ਨੇ ਪੰਜਾਬੀ ਭਾਈਚਾਰੇ ਦੀ ਆਪਸੀ ਸਾਂਝ ਨੂੰ ਮਜ਼ਬੂਤ ਕੀਤਾ।
ਬਾਕਸ ਆਈਟਮ:
ਰਾਜ ਸਭਾ ਮੈਂਬਰ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਬਰਸਾਤਾਂ ਤੋਂ ਬਾਅਦ ਪਹਿਲ ਦੇ ਅਧਾਰ ਤੇ ਦਰਿਆਵਾਂ ਦੇ ਪੁੱਲਾਂ ਹੇਠ ਜੰਮੀ ਗਾਰ ਨੂੰ ਸਾਫ ਕਰਾਉਣ ਦੇ ਕੰਮ ਨੂੰ ਸ਼ੁਰੂ ਕਰਾਉਣ। ਉਹਨਾਂ ਮੱੁਖ ਮੰਤਰੀ ਨੂੰ ਇਹ ਅਪੀਲ ਵੀ ਕੀਤੀ ਕਿ ਪਾਣੀ ਦੇ ਕੁਦਰਤੀ ਸਰੋਤਾਂ ਤੇ ਹੋਏ ਨਜ਼ਾਇਜ਼ ਕਬਜ਼ਿਆਂ ਨੂੰ ਸਖਤੀ ਨਾਲ ਹਟਾਇਆ ਜਾਵੇ ਤਾਂ ਜੋ ਹੜਾਂ ਕਾਰਨ ਪੰਜਾਬ ਦੇ ਲੋਕਾਂ ਦੀ ਹੋ ਰਹੀ ਬਰਬਾਦੀ ਨੂੰ ਰੋਕਿਆ ਜਾ ਸਕੇ। ਸੰਤ ਸੀਚੇਵਾਲ ਨੇ ਮੁੱਖ ਮੰਤਰੀ ਪੰਜਾਬ ਦਾ ਇਸ ਗੱਲ ਤੋਂ ਧੰਨਵਾਦ ਕੀਤਾ ਕਿ ਉਹ ਸੂਬੇ ਦੇ ਦਰਿਆਵਾਂ ਦੀ ਸਾਂਭ ਸੰਭਾਲ ਲਈ ਸੁਹਿਰਦ ਯਤਨ ਕਰ ਰਹੇ ਹਨ।