ਬੀਬੀ ਕੌਲਾਂ ਭਲਾਈ ਕੇਂਦਰ ਟਰਸਟ ਅੰਮ੍ਰਿਤਸਰ ਵੱਲੋਂ ਕੀਤੀ ਜਾ ਰਹੀ ਹੜ੍ਹ ਪੀੜਤਾ ਦੀ ਮੱਦਦ
- ਗਿਲੇ ਸ਼ਿਕਵੇ ਭੁਲਾਕੇ ਹੜ੍ਹ ਪੀੜਤਾਂ ਦੀ ਮਦਦ ਕਰੋ:- ਭਾਈ ਗੁਰਇਕਬਾਲ ਸਿੰਘ
ਜਗਮੀਤ ਸਿੰਘ
ਭਿੱਖੀਵਿੰਡ 20 ਜੁਲਾਈ 2023 - ਪੰਜਾਬ ਵਿੱਚ ਆਏ ਹੜ੍ਹਾਂ ਦੀ ਸਥਿਤੀ ਨਾਲ ਨਿਪਟਣ ਅਤੇ ਹੜ੍ਹ ਪੀੜਤ ਲੋਕਾਂ ਦੀ ਸਾਰ ਲੈਣ ਲਈ ਪੰਜਾਬ ਸਰਕਾਰ ਦੇ ਹੁਕਮਾਂ ਤੇ ਸਿਵਲ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਪਾਣੀ ਵਿੱਚ ਘਿਰੇ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਲਈ ਪਾਣੀ ਵਾਲੀਆਂ ਬੇੜੀਆਂ, ਟਰੈਕਟਰਾ ਰਾਹੀਂ ਲੋਕਾਂ ਦੇ ਖਾਣ ਪੀਣ, ਪਸ਼ੂਆਂ ਦੇ ਪਸ਼ੂ ਫੀਡ ਅਤੇ ਆਚਾਰ ਭੇਜਿਆ ਜਾ ਰਿਹਾ ਹੈ ਤਾਂ ਜੋ ਹੜਾਂ ਦੇ ਪਾਣੀਆਂ ਕਾਰਨ ਮੁਸੀਬਤਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਹੋ ਸਕੇ। ਦੱਸਣਯੋਗ ਹੈ ਕਿ ਹੜ੍ਹਾਂ ਦੇ ਪਾਣੀਆਂ ਵਿੱਚ ਘਿਰੇ ਲੋਕਾਂ ਦੀ ਮਦਦ ਕਰਨ ਲਈ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਅਤੇ ਹੋਰ ਸਮਾਜ ਸੇਵੀ ਸੇਵਾਦਾਰਾਂ ਅਤੇ ਬੀਬੀ ਕੌਲਾਂ ਭਲਾਈ ਕੇਂਦਰ ਟਰਸਟ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਸਮੇਤ ਟਰੱਸਟੀ ਲੋਕਾਂ ਵੱਲੋਂ ਪ੍ਰਸ਼ਾਸ਼ਕ ਅਧਿਕਾਰੀਆਂ ਨਾਲ ਰਾਬਤਾ ਕਰਕੇ ਹੜ੍ਹਾਂ ਦੇ ਪਾਣੀਆਂ ਵਿੱਚ ਘਿਰੇ ਹੋਏ ਵੱਖ ਵੱਖ ਪਿੰਡਾਂ ਦੇ ਲੋਕਾਂ ਦੀ ਮਦਦ ਕਰਨ ਲਈ ਰਾਹਤ ਕਾਰਜ ਕੀਤੇ ਜਾ ਰਹੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਹੜ੍ਹ ਪੀੜਤ ਲੋਕਾਂ ਨੂੰ ਭੇਜੀ ਜਾ ਰਹੀ ਰਾਹ ਸਮੱਗਰੀ ਭੇਜਣ ਸਮੇਂ ਬੀਬੀ ਕੌਲਾਂ ਭਲਾਈ ਕੇਂਦਰ ਟਰਸਟ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਤਰਨਤਾਰਨ ਡਿਪਟੀ ਕਮਿਸ਼ਨਰ ਬਲਦੀਪ ਕੌਰ ਸਮੇਤ ਅਧਿਕਾਰੀਆਂ ਨਾਲ ਰਾਬਤਾ ਕਰਕੇ ਜਿਲ੍ਹਾ ਫਿਰੋਜ਼ਪੁਰ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਦੇ ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨ ਲਈ ਪਸ਼ੂਆਂ ਦਾ ਚਾਰਾ ਫੀਡ, ਲੋਕਾਂ ਦੇ ਖਾਣ ਪੀਣ ਲਈ ਖੰਡ, ਚਾਹ, ਦਾਲਾ, ਰਸ, ਨਹਾਉਣ ਤੇ ਕੱਪੜੇ ਧੋਣ ਲਈ ਸਾਬਣ, ਚਾਨਣ ਲਈ ਮੋਮਬੱਤੀਆਂ ਵਗੈਰਾ ਆਦਿ ਚੀਜ਼ਾਂ ਤਿੰਨ ਗੱਡੀਆਂ ਬੀਤੇ ਦਿਨੀ ਭੇਜੀਆਂ ਗਈਆਂ ਜਦੋਂ ਕਿ ਜ਼ਿਲਾ ਪ੍ਰਸ਼ਾਸਨ ਤਰਨਤਾਰਨ ਦੇ ਅਧਿਕਾਰੀਆਂ ਨਾਲ ਰਾਬਤਾ ਕਰਕੇ ਇਸੇ ਤਰ੍ਹਾਂ ਹੀ ਲੋਕਾਂ ਦੇ ਖਾਣ ਪੀਣ ਅਤੇ ਪਸ਼ੂਆਂ ਦੇ ਚਾਰੇ (ਪਸ਼ੂ ਫੀਡ) ਦਾ ਪ੍ਰਬੰਧ ਕਰਕੇ ਹੜ੍ਹ ਪੀੜਤ ਰਾਹਤ ਸਮੱਗਰੀ ਭੇਜੀ ਜਾ ਰਹੀ, ਤਾਂ ਜੋ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਕੀਤੀ ਜਾ ਸਕੇ ।
ਭਾਈ ਗੁਰਇਕਬਾਲ ਸਿੰਘ ਨੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਇਸ ਦੁੱਖ ਦੀ ਘੜੀ ਵੇਲੇ ਆਪਣੇ ਗੁੱਸੇ ਗਿਲੇ ਭੁਲਾ ਕੇ ਹੜ੍ਹ ਪੀੜਤ ਲੋਕਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਮਨੁੱਖਤਾ ਦਾ ਭਲਾ ਹੋ ਸਕੇ। ਇਸ ਮੌਕੇ ਭਾਈ ਗੁਰਦੀਪ ਸਿੰਘ, ਭਾਈ ਤੇਜਪਾਲ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਹਰਮਿੰਦਰ ਸਿੰਘ, ਭਾਈ ਦਿਲਬਾਗ ਸਿੰਘ ਯੋਧਾ, ਸਰਵਣ ਸਿੰਘ, ਰਸੀਵਰ ਜਸਪਾਲ ਸਿੰਘ, ਮੈਨੇਜਰ ਜਗੀਰ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਮਨਦੀਪ ਸਿੰਘ ਭੋਲੂ, ਭਾਈ ਹਰਪ੍ਰੀਤ ਸਿੰਘ ਪ੍ਰੀਤ, ਭਾਈ ਗੰਗਾ ਸਿੰਘ, ਭਾਈ ਬਲਜੀਤ ਸਿੰਘ ਉਸਤਾਦ, ਭਾਈ ਸੁਖਦੀਪ ਸਿੰਘ ਸੋਹਲ ਸਮੇਤ ਟਰੱਸਟੀ ਆਗੂ ਹਾਜਰ ਸਨ |