ਖਨੌਰੀ ਤੋਂ ਮਕੋਰੜ ਸਾਹਿਬ ਅਤੇ ਮਕੋਰੜ ਸਾਹਿਬ ਤੋਂ ਕੜੈਲ ਤੱਕ ਘੱਗਰ 'ਚ ਪਏ ਪਾੜਾਂ ਨੂੰ ਪੂਰਨ ਦਾ ਕੰਮ ਜੋਰਾਂ ਸ਼ੋਰਾਂ ਨਾਲ ਜਾਰੀ
- ਜ਼ਿਲ੍ਹਾ ਪ੍ਰਸ਼ਾਸਨ ਨੇ ਲੋੜ ਮੁਤਾਬਕ ਜਾਲਾਂ, ਬੋਰੀਆਂ ਤੇ ਹੋਰ ਰਾਹਤ ਸਮੱਗਰੀ ਦਾ ਕੀਤਾ ਹੋਇਆ ਹੈ ਪ੍ਰਬੰਧ
- ਚੱਲਦੇ ਪਾਣੀ ਵਿਚ ਪਾੜਾਂ ਨੂੰ ਪੂਰਨ ਦੀ ਚੁਣੌਤੀ ਨੂੰ ਦ੍ਰਿੜਤਾ ਨਾਲ ਪੂਰਾ ਕਰਨ ਵਿੱਚ ਜੁਟੇ ਰਾਹਤ ਕਰਮੀ
- ਕਈ ਪਾੜ ਪੂਰੇ, ਬਾਕੀਆਂ ਨੂੰ ਪੂਰਨ ਦਾ ਕੰਮ ਜਾਰੀ
ਦਲਜੀਤ ਕੌਰ
ਮੂਨਕ/ਸੰਗਰੂਰ, 19 ਜੁਲਾਈ, 2023: ਮੂਨਕ ਤੇ ਖਨੌਰੀ ਇਲਾਕੇ ਵਿੱਚ ਘੱਗਰ ਦਰਿਆ ਦੇ ਬੰਨ੍ਹਾਂ ਵਿੱਚ ਪਏ ਪਾੜਾਂ ਨੂੰ ਪੂਰਨ ਦਾ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ | ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮੂਹ ਰਾਹਤ ਕਰਮੀ ਖ਼ਤਰੇ ਦੇ ਨਿਸ਼ਾਨ ਤੋਂ ਹਾਲੇ ਵੀ ਉਪਰ ਚੱਲ ਰਹੇ ਘੱਗਰ ਦੇ ਪਾਣੀ ਦੇ ਤੇਜ਼ ਪ੍ਰਵਾਹ ਦੇ ਬਾਵਜੂਦ ਰਾਹਤ ਕਾਰਜਾਂ ਵਿੱਚ ਕੋਈ ਖੜ੍ਹੋਤ ਨਹੀਂ ਆਉਣ ਦੇ ਰਹੇ ਅਤੇ ਪਾੜਾਂ ਨੂੰ ਪੂਰਨ ਦੇ ਯੋਜਨਾਬੱਧ ਉਪਰਾਲੇ ਜਾਰੀ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਹਰ ਪੱਖੋਂ ਮੁਸਤੈਦ ਹੈ ਅਤੇ ਘੱਗਰ ਦੇ ਪਾਣੀ ਦੀ ਮਾਰ ਹੇਠ ਆਏ ਲੋਕਾਂ ਤੱਕ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਘੱਗਰ ਵਿੱਚ ਪਏ ਪਾੜਾਂ ਨੂੰ ਪੂਰਨ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਖਨੌਰੀ ਤੋਂ ਮਕੋਰੜ ਸਾਹਿਬ ਤੱਕ 13 ਅਤੇ ਮਕੋਰੜ ਸਾਹਿਬ ਤੋਂ ਕੜੈਲ ਤੱਕ ਘੱਗਰ ਵਿੱਚ 43 ਪਾੜ ਪਏ ਹੋਣ ਕਾਰਨ ਸਾਡੀਆਂ ਟੀਮਾਂ ਪੂਰੀ ਮਿਹਨਤ ਤੇ ਤਨਦੇਹੀ ਨਾਲ ਇਨ੍ਹਾਂ ਪਾੜਾਂ ਨੂੰ ਪੂਰਨ ਵਿੱਚ ਜੁਟੀਆਂ ਹੋਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਘੱਗਰ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਉੱਤੇ 749.6 ਫੁੱਟ 'ਤੇ ਵਹਿ ਰਿਹਾ ਹੈ ਅਤੇ ਪਾਣੀ ਦੀ ਮਾਤਰਾ ਕਾਫੀ ਜਿਆਦਾ ਹੋਣ ਕਾਰਨ ਰਾਹਤ ਕਾਰਜਾਂ ਵਿੱਚ ਕੁਝ ਸਮਾਂ ਜ਼ਰੂਰ ਲੱਗ ਰਿਹਾ ਹੈ ਪਰ ਅਸੀਂ ਪੂਰੇ ਆਸਵੰਦ ਹਾਂ ਕਿ ਜਲਦੀ ਹੀ ਇਨ੍ਹਾਂ ਬੰਨ੍ਹਾਂ ਨੂੰ ਪੂਰਨ ਕਰਨ ਵਿੱਚ ਸਫ਼ਲਤਾ ਹਾਸਲ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚਾਂਦੂ ਦੇ ਕੋਲ ਪਾਣੀ ਦਾ ਪੱਧਰ ਕਰੀਬ 3 ਫੁੱਟ ਤੱਕ ਘਟ ਗਿਆ ਹੈ ਅਤੇ ਬਨਾਰਸੀ ਤੇ ਬੋਪੁਰ ਵਿਖੇ ਡਰੇਨੇਜ਼ ਵਿਭਾਗ ਦੀ ਨਿਗਰਾਨੀ ਹੁਣ ਰਿੰਗ ਬੰਨ੍ਹ ਬਣਾਏ ਜਾ ਰਹੇ ਹਨ ਤਾਂ ਜੋ ਤੇਜ ਵਹਾਅ ਵਾਲਾ ਪਾਣੀ ਨੇੜਲੇ ਪਿੰਡਾਂ ਵਿੱਚ ਦਾਖਲ ਨਾ ਹੋ ਸਕੇ | ਉਨ੍ਹਾਂ ਕਿਹਾ ਕਿ ਕਈ ਪਾੜਾਂ ਨੂੰ ਪੂਰਿਆ ਜਾ ਚੁੱਕਾ ਹੈ ਅਤੇ ਬਾਕੀ ਦਾ ਕੰਮ ਪ੍ਰਗਤੀ ਅਧੀਨ ਹੈ।