ਚੰਡੀਗੜ 22 ਸਤੰਬਰ 2018: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਦੀ 'ਸਰਕਾਰੀ ਬਦਮਾਸ਼ੀ' ਰਾਹੀਂ ਲੋਕਾਂ ਦੇ ਫਤਵੇਂ ਦਾ ਗਲਾ ਘੁੱਟ ਕੇ ਲੋਕਤੰਤਰ ਦਾ ਮਜ਼ਾਕ ਬਣਾਉਣ ਅਤੇ ਪੂਰੀ ਦੁਨੀਆਂ ਵਿਚ ਪੰਜਾਬ ਨੂੰ ਬਦਨਾਮ ਕਰਨ ਲਈ ਸਖ਼ਤ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਅਪਮਾਨਜਨਕ ਹੈ, ਪਰ ਇਹ ਸਾਬਿਤ ਕਰਦਾ ਹੈ ਕਿ ਕਾਂਗਰਸ ਕਿੰਨੀ ਜਲਦੀ ਲੋਕਾਂ ਦਾ ਭਰੋਸਾ ਖੋ ਬੈਠੀ ਹੈ।
ਉਹਨਾਂ ਕਿਹਾ ਕਿ ਕਾਂਗਰਸ ਦੀ ਇਹਨਾਂ ਚੋਣਾਂ 'ਚ ਵੱਡੀ ਹਾਰ ਹੋਈ ਹੈ ਅਤੇ ਉਹ ਇਹ ਗੱਲ ਜਾਣਦੇ ਹਨ। ਉਹਨਾਂ ਨੇ ਮਜਬੂਰੀ 'ਚ ਨਤੀਜੇ ਬਦਲ ਕੇ ਇੱਕ ਝੂਠੀ ਅਤੇ ਮਨਘੜਤ ਜਿੱਤ ਦਾ ਐਲਾਨ ਕੀਤਾ ਹੈ।
ਸਰਦਾਰ ਬਾਦਲ ਨੇ ਕਾਂਗਰਸ ਦੇ ਅੱਤਿਆਚਾਰਾਂ ਵਿਰੁੱਧ ਲੜਣ ਵਾਲੇ ਆਪਣੇ ਬਹਾਦਰ ਅਤੇ ਅਣਥੱਕ ਯੋਧਿਆਂ ਦੀ ਤਾਰੀਫ ਕੀਤੀ। ਉਹਨਾਂ ਕਿਹਾ ਕਿ ਉਹ ਜਮਹੂਰੀਅਤ ਦੀ ਰਾਖੀ ਲਈ ਡਟ ਕੇ ਲੜੇ। ਮੈਂ ਉਹਨਾਂ ਨੂੰ ਕਾਂਗਰਸ ਦਾ ਅਸਲੀ ਚਿਹਰਾ ਨੰਗਾ ਕਰਨ ਲਈ ਵਧਾਈ ਦਿੰਦਾ ਹਾਂ।
ਉਹਨਾਂ ਕਿਹਾ ਕਿ ਕਾਂਗਰਸ ਨੂੰ ਜਸ਼ਨ ਮਨਾਉਣ ਦੀ ਥਾਂ ਪੰਜਾਬ ਵਿਚ ਲੋਕਤੰਤਰ ਦੀ ਮੌਤ ਅਤੇ ਫਰਵਰੀ 2017 ਵਿਚ ਉਹਨਾਂ ਨੂੰ ਮਿਲੇ ਲੋਕ ਫਤਵੇ ਦੀ ਸਮੇਂ ਤੋਂ ਪਹਿਲਾਂ ਹੋਈ ਮੌਤ ਦਾ ਸੋਗ ਮਨਾਉਣਾ ਚਾਹੀਦਾ ਹੈ। ਅਸਲ ਵਿਚ ਇਹ ਕਾਂਗਰਸ ਲਈ ਇੱਕ ਬਹੁਤ ਹੀ ਉਦਾਸੀ ਭਰਿਆ ਅਤੇ ਜਮਹੂਰੀਅਤ ਲਈ ਇੱਕ ਬਹੁਤ ਹੀ ਮਾੜਾ ਦਿਨ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ, ਸਰਕਾਰੀ ਮਸ਼ੀਨਰੀ, ਪੁਲਿਸ ਅਤੇ ਮੁੱਖ ਚੋਣ ਅਧਿਕਾਰੀ ਨੇ ਇੱਕ ਬਦਮਾਸ਼ ਟੋਲੇ ਨਾਲ ਰਲ ਕੇ ਲੋਕਾਂ ਨੂੰ ਬਿਨਾਂ ਡਰ ਤੋਂ ਵੋਟ ਪਾਉਣ ਦਾ ਅਧਿਕਾਰ ਤੋਂ ਵਾਂਝਾ ਕੀਤਾ ਹੈ। ਉਹਨਾਂ ਕਿਹਾ ਕਿ ਡੀਸੀ ਅਤੇ ਐਸਐਸਪੀ ਵਰਗੇ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਦਫ਼ਤਰਾਂ ਨੂੰ ਕਾਂਗਰਸ ਦੇ ਦਫਤਰ ਬਣਾ ਦਿੱਤਾ ਗਿਆ ਸੀ। ਮੁੱਖ ਚੋਣ ਅਧਿਕਾਰੀ ਦਾ ਦਫਤਰ ਵੀ ਕਾਂਗਰਸ ਦਾ ਦਫਤਰ ਬਣ ਗਿਆ ਸੀ। ਬਹੁਤ ਸਾਰੀਆਂ ਥਾਂਵਾਂ ਉੱਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਾਂਗਰਸੀ ਬਦਮਾਸ਼ਾਂ ਦੀ ਅਗਵਾਈ ਕੀਤੀ। ਉਹਨਾਂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਨੇ ਲੋਕਾਂ ਦੇ ਭਰੋਸੇ ਨਾਲ ਖ਼ਿਲਵਾੜ ਕੀਤਾ ਹੈ ਅਤੇ ਇਸ ਤਰ•ਾਂ ਸਰਕਾਰੀ ਅਧਿਕਾਰੀਆਂ ਨੇ ਆਪਣੀ ਨੈਤਿਕ ਅਤੇ ਸਰਕਾਰੀ ਜ਼ਿੰਮੇਵਾਰੀ ਤੋਂ ਮੂੰਹ ਮੋੜਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਕਾਂਗਰਸ ਵੱਲੋਂ ਕੀਤੇ ਬੂਥਾਂ ਉੱਤੇ ਕਬਜ਼ੇ,ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ, ਗਲਤ ਤਰੀਕੇ ਨਾਲ ਨਤੀਜਿਆਂ ਦਾ ਐਲਾਨ ਅਤੇ ਹੋਰ ਹੇਰਾਫੇਰੀਆਂ ਸਾਬਿਤ ਕਰਦੀਆਂ ਹਨ ਕਿ ਉਹਨਾਂ ਨੂੰ ਲੋਕਾਂ ਦੇ ਫਤਵੇ ਵਿਚ ਬਿਲਕੁੱਲ ਵੀ ਭਰੋਸਾ ਨਹੀਂ ਹੈ। ਉਹਨਾਂ ਕਿਹਾ ਕਿ ਇਹ ਸਭ ਪੰਜਾਬੀਆਂ ਵਿਚ ਭਰੋਸਾ ਨਾ ਹੋਣ ਦਾ ਪ੍ਰਗਟਾਵਾ ਹੈ। ਉਹਨਾਂ ਨੇ ਸਵੀਕਾਰ ਕਰ ਲਿਆ ਹੈ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਵਿਚ ਅਕਾਲੀ-ਭਾਜਪਾ ਮੁਕਾਬਲੇ ਉਹਨਾਂ ਦੇ ਜਿੱਤਣ ਦੀ ਕੋਈ ਉਮੀਦ ਨਹੀਂ ਸੀ। ਕਿਉਂਕਿ ਉਹਨਾਂ ਦੇ ਮਾੜੇ ਪ੍ਰਸਾਸ਼ਨ ਅਤੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰਨ ਕਰਕੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਹੀਂ ਸੀ ਪਾਉਣੀਆਂ। ਕਾਂਗਰਸ ਜਾਣਦੀ ਸੀ ਕਿ ਉਸ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਉਹਨਾਂ ਨੇ ਕਾਗਜ਼ਾਂ ਉੱਤੇ ਖੁਦ ਨੂੰ ਜੇਤੂ ਐਲਾਨ ਲਿਆ ਹੈ ਜਦ ਕਿ ਅਸਲੀਅਤ ਵਿਚ ਉਹਨਾਂ ਦੀ ਹਾਰ ਹੋਈ ਹੈ।