ਕਾਂਗਰਸ ਦੇ ਰੱਥ 'ਤੇ ਸਵਾਰ ਕੈਪਟਨ ਤੇ ਸਿੱਧੂ ਵਿੱਚੋਂ ਕੌਣ ਹੈ ਸਾਹਿਬੇ ਮਸਨਦ ਤੇ ਕੌਣ ਹੈ ਕਿਰਾਏਦਾਰ
ਗੌਰਵ ਮਾਣਿਕ
- ਕਾਂਗਰਸ ਪਾਰਟੀ ਵਿੱਚ ਵਰਚਸਵ ਦੀ ਲੜਾਈ ਦਿਲਚਸਪ ਮੋੜ ਤੇ ਆਈ ,
ਚੰਡੀਗੜ੍ਹ 22 ਜੁਲਾਈ 2021 - "ਜੋ ਆਜ਼ ਸਾਹਿਬੇ ਮਸਨਦ ਹੈ ਕੱਲ੍ਹ ਨਹੀਂ ਹੋਂਗੇ, ਕਿਰਾਏਦਾਰ ਹੈ ਜਾਤੀ ਮਕਾਨ ਥੋੜ੍ਹੀ ਹੈ " ਸ਼ਾਇਰ ਦੀਆਂ ਲਿਖੀਆਂ ਇਹ ਲੈਣਾ ਪੰਜਾਬ ਕਾਂਗਰਸ ਵਿਚ ਮੱਚੇ ਘਮਾਸਾਨ ਤੇ ਸਟੀਕ ਢੁੱਕਦੀਆਂ ਹਨ, ਕੱਲ੍ਹ ਤਕ ਕੈਪਟਨ ਅਮਰਿੰਦਰ ਸਿੰਘ ਜਿਸ ਕਾਂਗਰਸ ਨੂੰ ਆਪਣੀ ਜੇਬ ਵਿੱਚ ਸਮਝਦੇ ਸਨ ਪਰ ਕੁਝ ਦਿਨਾਂ ਚ' ਹੀ ਆਪਣੀ ਪਾਰਟੀ ਵਿੱਚ ਹੀ ਬਗਾਨੇ ਬਗਾਨੇ ਜੇ ਮਹਿਸੂਸ ਕਰ ਰਹੇ ਹੋਣਗੇ।
ਅੱਜ ਦੇ ਸਾਹਿਬੇ ਮਸਨਦ ਯਾਨੀ ਕਿ ਨਵਜੋਤ ਸਿੰਘ ਸਿੱਧੂ ਜੋ ਕਿ ਸੂਬਾ ਕਾਂਗਰਸ ਪਾਰਟੀ ਦੀ ਰਾਜ ਗੱਦੀ ਤੇ ਬਿਰਾਜਮਾਨ ਹਨ ਉਨ੍ਹਾਂ ਨੇ ਇੱਕ ਪਲ ਵਿੱਚ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਕਹੀਏ ਤਾਂ ਇਕ ਹਾਸ਼ੀਏ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਕਹਿਣ ਨੂੰ ਤਾਂ ਭਾਵੇਂ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮੁੱਖ ਮੰਤਰੀ ਹਨ ਅਤੇ ਪੂਰੀ ਕਮਾਂਡ ਉਨ੍ਹਾਂ ਦੇ ਹੱਥ ਵਿੱਚ ਹੈ ਪਰ ਪਾਰਟੀ ਦੀ ਕਮਾਨ ਸੰਭਾਲਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ 80 ਫ਼ੀਸਦੀ ਤੋਂ ਜ਼ਿਆਦਾ ਵਿਧਾਇਕ ਅਤੇ ਅੱਧੀ ਤੋਂ ਜ਼ਿਆਦਾ ਕੈਪਟਨ ਦੀ ਕੈਬਿਨਟ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਹੈ। ਇਹੀ ਸ਼ਕਤੀ ਪ੍ਰਦਰਸ਼ਨ ਉਨ੍ਹਾਂ ਵੱਲੋਂ ਕੱਲ੍ਹ ਦਰਬਾਰ ਸਾਹਿਬ ਮੱਥਾ ਟੇਕਣ ਵੇਲੇ ਦਿਖਾ ਵੀ ਦਿੱਤਾ ਗਿਆ।
ਉਥੇ ਹੀ ਹੁਣ ਕੱਲ੍ਹ ਨੂੰ ਹੋਣ ਵਾਲੀ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਨੂੰ ਲੈ ਕੇ ਵੀ ਕਾਂਗਰਸ ਪਾਰਟੀ ਅਤੇ ਸਰਕਾਰ ਵਿਚ ਸਰਗਰਮੀਆਂ ਤੇਜ਼ ਹੋਈਆਂ ਪਈਆਂ ਨੇ, ਇਕ ਪਾਸੇ ਜਿਥੇ ਗਾਂਧੀ ਪਰਿਵਾਰ ਵਿਚੋਂ ਕਿਸੇ ਇਕ ਦਾ ਇਸ ਤਾਜਪੋਸ਼ੀ ਵਿੱਚ ਸ਼ਾਮਿਲ ਹੋਣ ਦਿਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ, ਉੱਥੇ ਦੂਜੇ ਪਾਸੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਨਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਪਰ ਕੈਪਟਨ ਅਮਰਿੰਦਰ ਸਿੰਘ ਆਪਣੇ ਫ਼ੈਸਲੇ ਤੇ ਅਡਿੱਗ ਨਜ਼ਰ ਆ ਰਹੇ ਹਨ, ਕਾਂਗਰਸ ਹਾਈਕਮਾਂਡ ਵੱਲੋਂ ਵੀ ਸਿੱਧੂ ਅਤੇ ਕੈਪਟਨ ਦੇ ਵਿਚ ਸਮਝੌਤੇ ਨੂੰ ਲੈ ਕੇ ਵਿਚਲਾ ਰਸਤਾ ਕੱਢਣ ਲਈ ਯਤਨ ਕੀਤੇ ਜਾ ਰਹੇ ਨੇ ਪਰ ਕੈਪਟਨ ਦੀ ਚੁੱਪੀ ਕਾਂਗਰਸ ਪਾਰਟੀ ਵਿਚ ਆਉਣ ਵਾਲੇ ਵੱਡੇ ਤੂਫ਼ਾਨ ਦੇ ਵੱਲ ਇਸ਼ਾਰਾ ਕਰ ਰਹੀ ਹੈ, ਉੱਥੇ ਦੂਜੇ ਪਾਸੇ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਰੱਥ ਤੇ ਸਵਾਰ ਹੋ ਕੇ ਜਿਸ ਸਪੀਡ ਨਾਲ ਅੱਗੇ ਵਧ ਰਹੇ ਹਨ, ਉਨ੍ਹਾਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਹ ਵੀ ਕਿਰਾਏ ਦਾ ਹੈ , ਜਿਵੇਂ ਇੱਕ ਪਲ ਵਿੱਚ ਪਾਰਟੀ ਹਾਈ ਕਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਅੱਖੋਂ ਪਰੋਖੇ ਕਰਕੇ ਅਤੇ ਵਿਰੋਧ ਦੇ ਬਾਵਜੂਦ ਵੀ ਉਨ੍ਹਾਂ ਨੂੰ ਪ੍ਰਧਾਨ ਥਾਪੜ ਦਿੱਤਾ ਗਿਆ।
ਸ਼ਾਇਰ ਦੀਆਂ ਇਹ ਲਾਈਨਾਂ ਉਨ੍ਹਾਂ ਤੇ ਵੀ ਢੁੱਕਦੀਆਂ ਹਨ ਕੀ "ਵਹ ਭੀ ਕਿਰਾਏਦਾਰ ਹੈ ਜਾਤੀ ਮਕਾਨ ਥੋੜ੍ਹੀ ਹੈ " ਅਤੇ ਉਨ੍ਹਾਂ ਦੇ ਨਾਲ ਵੀ ਚਾਰ ਚਾਰ ਕਾਰਜਕਾਰੀ ਪੰਜਾਬ ਕਾਂਗਰਸ ਪ੍ਰਧਾਨ ਲਗਾ ਦਿੱਤੇ ਗਏ ਹਨ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਪੌੜੀ ਲਾ ਕੇ ਉੱਪਰ ਚੜ੍ਹਾ ਰਹੀ ਹੈ ਤੇ ਉਸ ਦੀ ਪੌੜੀ ਖਿੱਚਣ ਦੇ ਇੰਤਜਾਮ ਲਈ ਵੀ ਥੱਲੇ ਚਾਰ ਚਾਰ ਕਾਰਜਕਾਰੀ ਪ੍ਰਧਾਨ ਖੜ੍ਹੇ ਕਰ ਦਿੱਤੇ ਹਨ, ਰਾਜਨੀਤਕ ਪੰਡਿਤਾਂ ਦਾ ਕਹਿਣਾ ਹੈ ਕਿ ਮਮਤਾ ਬੈਨਰਜੀ ਹੋਵੇ ਭਾਵੇਂ ਐੱਨਸੀਪੀ ਨੇਤਾ ਸ਼ਰਦ ਪਵਾਰ ਹੋਣ ਜਾਂ ਫਿਰ ਵਾਈਆਰਐੱਸ ਰੈੱਡੀ, ਆਦਿ ਹੋਰ ਵੀ ਨੇਤਾ ਨੇ ਜਿਨ੍ਹਾਂ ਨੇ ਕਾਂਗਰਸ ਨਾਲੋਂ ਨਾਤਾ ਤੋੜ ਕੇ ਆਪਣੀ ਪਾਰਟੀ ਖੜ੍ਹੀਆ ਕੀਤੀਆ ਅਤੇ ਅੱਜ ਉਨ੍ਹਾਂ ਦੀ ਪਾਰਟੀ ਚੰਗੇ ਰਸੂਖ ਤੇ ਸਟੈਂਡ ਕਰਦੀਆ ਹਨ, ਅਮਰਿੰਦਰ ਕਾਂਗਰਸ ਦੇ ਸੀਨੀਅਰ ਲੀਡਰਾਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ ਨੇ ਕਈ ਚੋਣਾਂ ਜਿੱਤੀਆਂ ਹਨ ਅਤੇ ਪਾਰਟੀ ਨੂੰ ਜਿਤਾਇਆ ਹੈ ਜੇਕਰ ਕੈਪਟਨ ਅਮਰਿੰਦਰ ਸਿੰਘ ਵੀ ਮਮਤਾ ਬੈਨਰਜੀ ਯਾ ਸ਼ਰਦ ਪਵਾਰ ਦੇ ਰਾਹ ਤੇ ਤੁਰ ਪੈਂਦੇ ਨੇ ਤਾਂ ਕਾਂਗਰਸ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਨੇ।