...ਇਹ ਵੀ ਸ਼ਾਇਦ ਅਸੀਂ ਭੁੱਲ ਜਾਂਦੇ ਹਾਂ ਪੰਜਾਬ ਦੀ ਖੇਤੀ ਦੇ ਸੰਕਟ ਦਾ ਸਿੱਧਾ ਜਾਂ ਅਸਿੱਧਾ ਸਬੰਧ ਪੰਜਾਬ ਦੀ ਛੋਟੀ ,ਦਰਮਿਆਨੀ ਅਤੇ ਰਵਾਇਤੀ ਹੁਨਰ ਸਨਅਤ ਅਤੇ ਇਸ ਨਾਲ ਜੁੜੇ ਵਪਾਰ ਕਾਰੋਬਾਰ ਦੀ ਹੋਈ ਮੰਦਹਾਲੀ ਨਾਲ ਵੀ ਹੈ...
ਚੰਡੀਗੜ੍ਹ , 31 ਜੁਲਾਈ , 2017 :
ਅੱਜ ਫੇਰ ਇੰਡੀਅਨ ਐਕਸਪ੍ਰੈੱਸ ਵਿਚ ਪੂਰੇ ਸਫ਼ੇ ਦਾ ਇੱਕ ਇਸ਼ਤਿਹਾਰ ਛਪਿਆ ਦੇਖ ਮੈਨੂੰ ਲੁਧਿਆਣੇ ਵਿਚਲੇ ਆਪਣੇ ਇੱਕ ਵਾਕਫ਼ ਕਾਰੋਬਾਰੀ ਦਾ ਤਰਲੇ-ਭਰਿਆ ਚਿਹਰਾ ਯਾਦ ਆ ਗਿਆ ਹੈ ਜਿਹੜਾ ਬੈਂਕ ਵਾਲਿਆਂ ਦੀਆਂ ਮਿੰਨਤਾਂ ਕਰ ਰਿਹਾ ਹੈ ਕਿ ਉਸ ਦੀਆਂ ਦੀਆਂ ਦੋ ਵਪਾਰਕ ਜਾਇਦਾਦਾਂ ਬੇਸ਼ੱਕ ਉਹ ਕਰਜ਼ੇ ਬਦਲੇ ਕੁਰਕ ਕਰ ਲੈਣ ਪਰ ਉਸ ਦਾ ਘਰ ਛੱਡ ਦੇਣ . ਬੈਂਕ ਤੋਂ ਕਰਜ਼ਾ ਲਿਆ ਪਰ ਪਿਛਲੇ ਸਮੇਂ ਦੌਰਾਨ ਆਏ ਮੰਦੇ ਨੇ ਕਾਰੋਬਾਰ ਠੰਢੇ ਪਾ ਦਿੱਤੇ , ਕਰਜ਼ੇ ਵਾਪਸ ਨਹੀਂ ਹੋਏ.ਇਹ ਦੂਣੇ -ਤੀਣੇ ਹੁੰਦੇ ਗਏ . ਬੈਂਕਾਂ ਵਾਲਿਆਂ ਨੇ ਡਿਫਾਲਟਰ ਕਰ ਦਿੱਤਾ . ਤੇ ਫੇਰ ਕਾਰਵਾਈ ਸ਼ੁਰੂ ਹੋ ਗਈ ਗਹਿਣੇ ਰੱਖੀ ਜਾਇਦਾਦ ਕੁਰਕ ਕਰਨ ਦੀ . ਅਖ਼ਬਾਰ ਦੇ ਇਸ਼ਤਿਹਾਰ ਵਿਚ ਮੋਗੇ ਅਤੇ ਲੁਧਿਆਣੇ ਦੀਆਂ ਪੰਜਾਬ ਨੈਸ਼ਨਲ ਬੈਂਕ ਵੱਲੋਂ ਨੀਲਮ ਕੀਤੀਆਂ ਜਾ ਰਹੀਆਂ ਅਜਿਹੀਆਂ ਜਾਇਦਾਦਾਂ ਦੀ ਲੰਮੀ ਸੂਚੀ ਪਿੱਛੇ ਬਹੁਤਿਆਂ ਦੀ ਸ਼ਾਇਦ ਇਹੋ ਕਹਾਣੀ ਹੋਵੇ . ਲਗਭਗ ਹਰ ਮਹੀਨੇ ਵੱਖ ਵੱਖ ਬੈਂਕਾਂ ਵੱਲੋਂ ਪੰਜਾਬ, ਚੰਡੀਗੜ੍ਹ ਅਤੇ ਨੇੜਲੇ ਇਲਾਕਿਆਂ ਨਾਲ ਸਬੰਧਤ ਵਪਾਰਕ ਅਤੇ ਰਿਹਾਇਸ਼ੀ ਜਾਇਦਾਦਾਂ ਦੀ ਨਿਲਾਮੀ ਦੇ ਅਜਿਹੇ ਇਸ਼ਤਿਹਾਰ ਛਪੇ ਦਿਖਾਈ ਦਿੰਦੇ ਨੇ . ਇਨ੍ਹਾਂ ਵਿਚ ਕਰਜ਼ਾਈ ਬੰਦੇ ਜਾਂ ਉਸ ਦੀ ਫ਼ਰਮ/ ਕੰਪਨੀ ਅਤੇ ਜਗਾ ਦਾ ਪੂਰਾ ਵੇਰਵਾ ਅਤੇ ਨਿਲਾਮੀ ਦੀ ਤਾਰੀਖ਼ ਲਿਖੀ ਹੁੰਦੀ ਹੈ .
ਜੇਕਰ ਸਾਰੇ ਇਸ਼ਤਿਹਾਰਾਂ ਵਿਚਲੀਆਂ ਜਾਇਦਾਦਾਂ ਦੀ ਗਿਣਤੀ ਕਰਨੀ ਹੋਵੇ ਤਾਂ ਇਹ ਹਜ਼ਾਰਾਂ ਵਿਚ ਹੋਵੇਗੀ .
(ਕੈੱਪਸ਼ਨ : 31 ਜੁਲਾਈ ਦੇ ਅੰਗਰੇਜ਼ੀ ਅਖ਼ਬਾਰ ਵਿਚ ਪੰਜਾਬ ਨੈਸ਼ਨਲ ਬੈਂਕ ਵੱਲੋਂ ਛਪੇ ਜਾਇਦਾਦਾਂ ਦੀ ਨਿਲਾਮੀ ਦੇ ਇਸ਼ਤਿਹਾਰ ਦੀ ਤਸਵੀਰ )
2015 ਵਿਚ ਮੈਂ ਪਹਿਲਾਂ ਅਜਿਹੇ ਹੀ ਇਸ਼ਤਿਹਾਰ ਦੇਖ ਕੇ ਆਪਣਾ ਕਾਲਮ ਲਿਖਿਆ ਸੀ .ਉਸ ਵਿਚ ਮੈਂ ਆਪਣੇ ਇੱਕ ਰਿਸ਼ਤੇਦਾਰ ਦੀ ਮਿਸਾਲ ਵੀ ਦਿੱਤੀ ਸੀ .
ਪੰਜਾਬ ਵਿਚ ਕਿਸਾਨ ਕਰਜ਼ਿਆਂ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਦੀ ਕੁਰਕੀ ਦੀ ਚਰਚਾ ਤਾਂ ਸਭ ਜਗਾ ਹੈ , ਜੋ ਕਿ ਵਾਜਬ ਵੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸੇ ਪੰਜਾਬ ਦੇ ਵਿਚ ਬੈਂਕਾਂ ਵੱਲੋਂ ਹਰ ਮਹੀਨੇ ਵੱਡੀ ਗਿਣਤੀ ਵਿਚ ਕੁਰਕੀ ਕਰ ਕੇ ਨੀਲਮ ਕੀਤੀਆਂ ਜਾ ਰਹੀਆਂ ਕਾਰੋਬਾਰੀਆਂ , ਵਪਾਰੀਆਂ ਅਤੇ ਸਨਅਤਕਾਰਾਂ ਦੀਆਂ ਵਪਾਰਕ ਅਤੇ ਰਿਹਾਇਸ਼ੀ ਜਾਇਦਾਦਾਂ ਦੀ ਕਿਤੇ ਚਰਚਾ ਤੱਕ ਨਹੀਂ ਹੁੰਦੀ . ਇਸ ਖੇਤਰ ਨਾਲ ਸਬੰਧਤ ਲੋਕਾਂ ਦੀਆਂ ਖੁਦਕੁਸ਼ੀਆਂ , ਦਿਲ ਦੇ ਦੌਰੇ ਅਤੇ ਦਿਮਾਗੀ ਸਟ੍ਰੋਕ ਵੀ ਚਰਚਾ ਵਿਚ ਨਹੀਂ ਆਉਂਦੇ . ਹੋ ਸਕਦਾ ਹੈ ਕਿ ਜਿਹੜੇ ਸਨਅਤਕਾਰਾਂ ਜਾਂ ਕਾਰੋਬਾਰੀਆਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾ ਰਹੀਆਂ ਨੇ , ਇਨ੍ਹਾਂ ਵਿਚੋਂ ਕੁਝ ਗਿਣਤੀ ਜਾਣ-ਬੁੱਝ ਕੇ ਜਾਂ ਸ਼ਰਾਰਤੀ ਡਿਫਾਲਟਰਾਂ ਦੀ ਹੋ ਸਕਦੀ ਹੈ ਪਰ ਜਿੰਨੇ ਵੱਡੀ ਗਿਣਤੀ ਅਜਿਹੇ ਕੇਸਾਂ ਦੀ ਸਾਹਮਣੇ ਆ ਰਹੀ ਹੈ , ਇਹ ਇਸ ਨੂੰ ਇੱਕ ਨੋਟਿਸ ਲੈਣ ਵਾਲਾ ਆਮ ਵਰਤਾਰਾ ਬਣਾ ਦਿੰਦੀ ਹੈ .
ਇਹ ਵੀ ਸ਼ਾਇਦ ਅਸੀਂ ਭੁੱਲ ਜਾਂਦੇ ਹਾਂ ਪੰਜਾਬ ਦੀ ਖੇਤੀ ਦੇ ਸੰਕਟ ਦਾ ਸਿੱਧਾ ਜਾਂ ਅਸਿੱਧਾ ਸਬੰਧ ਪੰਜਾਬ ਦੀ ਛੋਟੀ ,ਦਰਮਿਆਨੀ ਅਤੇ ਰਵਾਇਤੀ ਹੁਨਰ ਸਨਅਤ ਅਤੇ ਇਸ ਨਾਲ ਜੁੜੇ ਵਪਾਰ ਕਾਰੋਬਾਰ ਦੀ ਹੋਈ ਮੰਦਹਾਲੀ ਨਾਲ ਵੀ ਹੈ ਜਿਸ ਨੇ ਵੱਡੀ ਗਿਣਤੀ ਵਿਚ ਕਾਮੇ ਬੇਰੁਜ਼ਗਾਰ ਹੀ ਨਹੀਂ ਕੀਤੇ ਸਗੋਂ ਪੇਂਡੂ ਬੇਰੁਜ਼ਗਾਰਾਂ ਲਈ ਇਸ ਤਰ੍ਹਾਂ ਦੀ ਸਨਅਤ ਅਤੇ ਕਾਰੋਬਾਰਾਂ ਵਿਚ ਪੈਦਾ ਹੋਣ ਵਾਲੇ ਰੁਜ਼ਗਾਰ ਦੇ ਸੰਭਾਵੀ ਮੌਕੇ ਅਤੇ ਰਸਤੇ ਵੀ ਬੰਦ ਕਰ ਦਿੱਤੇ ਹਨ . ਖੇਤੀ ਦਾ ਬੋਝ ਤਾਂ ਹੀ ਹਲਕਾ ਹੋ ਸਕਦਾ ਹੈ ਜੇਕਰ ਸਨਅਤ ਅਤੇ ਸ਼ਹਿਰੀ ਕਾਰੋਬਾਰ ਵਿਚ ਰੁਜ਼ਗਾਰ ਦੇ ਅਵਸਰ ਵਧੇਰੇ ਹੋਣਗੇ . ਇਹ ਵੀ ਤ੍ਰਾਸਦੀ ਹੈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਬੈਂਕ ਵੱਡੇ-ਵੱਡੇ ਕਾਰਪੋਰੇਟ ਅਦਾਰਿਆਂ ਅਤੇ ਸਨਅਤੀ ਘਰਾਣਿਆਂ ਨੂੰ ਅਰਬਾਂ ਰੁਪਏ ਦੀਆਂ ਛੋਟਾਂ ਐਨ ਪੀ ਏ ਡੀ ਰੂਪ ਵਿਚ ਦੇ ਦਿੰਦੀਆਂ ਰਹਿੰਦੀਆਂ ਨੇ ਪਰ ਛੋਟੇ ਅਤੇ ਦਰਮਿਆਨੇ ਪੱਧਰ ਲਈ ਅਜਿਹੀਆਂ ਰਿਆਇਤਾਂ ਬਹੁਤ ਘੱਟ ਹੀ ਦਿੱਤੀਆਂ ਜਾਂਦੀਆਂ ਨੇ .
31 ਜੁਲਾਈ
ਸੰਪਾਦਕ
ਬਾਬੂਸ਼ਾਹੀ ਡਾਟ ਕਾਮ