ਜੇ ਪੰਜਾਬ ਦੇ ਮਸਲੇ ਹੱਲ ਨਾ ਹੋਏ ਤਾਂ ਇਸ ਪ੍ਰਧਾਨਗੀ ਦਾ ਕੋਈ ਫਾਇਦਾ ਨਹੀਂ - ਨਵਜੋਤ ਸਿੱਧੂ
ਚੰਡੀਗੜ੍ਹ, 23 ਜੁਲਾਈ 2021 - ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲ ਰਹੀ ਕੜਵਾਹਟ ਦੌਰਾਨ ਆਖਰ ਸਿੱਧੂ ਦੀ ਤਾਜਪੋਸ਼ੀ ਦੌਰਾਨ ਦੋਵਾਂ ਦੀ ਮੁਲਾਕਾਤ ਹੋਈ। ਪੰਜਾਬ ਭਵਨ ਵਿੱਚ ਕਾਂਗਰਸ ਦੇ ਨਵੇਂ ਪ੍ਰਧਾਨ ਸਿੱਧੂ ਨੇ ਪਹਿਲਾਂ ਕੈਪਟਨ ਨੂੰ ਵੇਖਦਿਆਂ ਅੱਖਾਂ ਫੇਰ ਲਈਆਂ ਤੇ ਅੱਗੇ ਹੋ ਗਏ। ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਨੂੰ ਵਾਪਸ ਬੁਲਾਇਆ ਤੇ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਾਈ।
ਇਸ ਦੌਰਾਨ ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਹੀਂ ਸਗੋਂ ਕਾਂਗਰਸ ਦਾ ਵਰਕਰ ਅੱਜ ਪ੍ਰਧਾਨ ਬਣਿਆ ਹੈ ਅਤੇ ਕਿਹਾ ਕਿ ਮੇਰੇ ਲਈ ਇਹ ਅਹੁਦਾ ਕੋਈ ਖਾਸ ਨਹੀਂ ਹੈ। ਕਿਉਂਕਿ ਉਸ ਨੇ ਪਹਿਲਾਂ ਵੀ ਪਾਰਟੀ 'ਚ ਕੋਈ ਕੈਬਨਿਟ ਅਹੁਦਾ ਨਹੀਂ ਲਿਆ, ਪਰ ਮਸਲਾ ਪੰਜਾਬ ਦਾ ਹੈ ਇਸ ਲਈ ਉਸ ਨੇ ਪਾਰਟੀ ਦੀ ਪ੍ਰਧਾਨਗੀ ਲਈ ਹੈ। ਪੰਜਾਬ ਦਾ ਕਿਸਾਨ ਅੱਜ ਦਿੱਲੀ ਦੀਆਂ ਸੜਕਾਂ ’ਤੇ ਰੁੱਲ ਰਿਹਾ ਹੈ। ਮਸਲਾ ਈ. ਟੀ. ਟੀ. ਅਧਿਆਪਕਾਂ, ਨਰਸਾਂ ਦਾ ਹੈ, ਜਿਹੜੇ ਅੱਜ ਸੜਕਾਂ ’ਤੇ ਰੁੱਲ ਰਹੇ ਹਨ। ਮਸਲਾ ਟਰੱਕ ਡਰਾਈਵਰਾਂ ਤੇ ਕੰਡਕਟਰਾਂ ਦਾ ਹੈ, ਮਸਲਾ ਗੁਰੂ ਦਾ ਹੈ। ਸਿੱਧੂ ਨੇ ਕਿਹਾ ਕਿ ਇਹੀ ਮਸਲੇ ਹੱਲ ਕਰਨ ਲਈ ਉਹ ਪ੍ਰਧਾਨ ਬਣੇ ਹਨ ਅਤੇ ਜੇਕਰ ਇਹ ਮਸਲੇ ਹੱਲ ਨਾ ਹੋਏ ਤਾਂ ਇਸ ਪ੍ਰਧਾਨਗੀ ਦਾ ਕੋਈ ਫਾਇਦਾ ਨਹੀਂ ਹੈ।
ਸਿੱਧੂ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਮਿਲਣਾ ਚਾਹੁੰਦਾ ਹਾਂ। ਕਿਸਾਨੀ ਮਸਲੇ ਨੂੰ ਹੱਲ ਕਰਨ ਲਈ ਵਿਚਾਰ ਜ਼ਰੂਰੀ ਹੈ। ਅੱਜ ਕਾਂਗਰਸ ਇਕੱਠੀ ਹੈ। ਕਾਂਗਰਸ ਦੇ ਵਰਕਰਾਂ ਨੂੰ ਜ਼ਰੀਆ ਬਣਾਵਾਂਗਾ ਮਸਲੇ ਹੱਲ ਕਰਨ ਦਾ। ਸਾਰਿਆਂ ਦਾ ਅਸ਼ੀਰਵਾਦ ਲੈ ਕੇ ਨਾਲ ਚੱਲਾਂਗਾ। ਮੇਰੀ ਕੋਈ ਈਗੋ ਨਹੀਂ। ਮੋਢੇ ਨਾਲ ਮੋਢਾ ਲਾ ਕੇ ਚੱਲਾਂਗਾ।
ਭਾਸ਼ਣ ਦੌਰਾਨ ਸਿੱਧੂ ਨੇ ਸੰਬੋਧਨ ਕਰਦਿਆਂ ਇੱਕ ਵਾਰ ਵੀ ਹਾਈਕਮਾਂਡ ਦਾ ਧੰਨਵਾਦ ਨਹੀਂ ਕੀਤਾ।