ਨਵਜੋਤ ਸਿੱਧੂ ਪਹੁੰਚੇ ਭਗਵੰਤਪਾਲ ਸਿੰਘ ਸੱਚਰ ਜ਼ਿਲ੍ਹਾ ਦਿਹਾਤੀ ਪ੍ਰਧਾਨ ਦੇ ਘਰ
ਕੁਲਵਿੰਦਰ ਸਿੰਘ
- ਅਕਾਲੀਆਂ ਦਾ ਗੜ੍ਹ ਹਲਕਾ ਮਜੀਠਾ ਵੀ ਇਸ ਵਾਰ ਕਾਂਗਰਸ ਤੋੜੇਗੀ: ਸੱਚਰ
ਅੰਮ੍ਰਿਤਸਰ 22 ਜੁਲਾਈ 2021 - ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸਿੱਧੂ ਵੱਲੋਂ ਜਿਥੇ ਵੱਖ ਵੱਖ ਕਾਂਗਰਸੀ ਆਗੂਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਉਸ ਹੀ ਸਿਲਸਿਲੇ ਵਿਚ
ਅੱਜ ਸਵੇਰੇ ਨਵਜੋਤ ਸਿੰਘ ਸਿੱਧੂ ਜ਼ਿਲ੍ਹਾ ਕਾਂਗਰਸੀ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਦੇ ਗ੍ਰਹਿ ਵਿਖੇ ਪੁੱਜੇ। ਜਿੱਥੇ ਭਗਵੰਤਪਾਲ ਸਿੰਘ ਸੱਚਰ ਵੱਲੋਂ ਉਨ੍ਹਾਂ ਨੂੰ ਬਹਾਦਰੀ ਦਾ ਪ੍ਰਤੀਕ ਕਿਰਪਾਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਿੱਧੂ ਨੇ ਪਹਿਲਾਂ ਵਾਂਗ ਪੱਤਰਕਾਰਾਂ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਉਨ੍ਹਾਂ ਦੇ ਨਾਲ ਹਲਕਾ ਦੱਖਣੀ ਤੋਂ ਮੌਜੂਦਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੀ ਸਨ। ਇਸ ਮੌਕੇ ਸੱਚਰ ਨੇ ਕਿਹਾ ਕਿ ਸਿੱਧੂ ਦੇ ਪਾਰਟੀ ਵਿੱਚ ਆਉਣ ਦੇ ਨਾਲ ਸੁੱਤੀ ਹੋਈ ਕਾਂਗਰਸ ਵੀ ਜਾਗ ਪਈ ਹੈ ਅਤੇ ਉਹ ਕਾਂਗਰਸੀ ਆਗੂ ਅਤੇ ਕਾਰਜਕਰਤਾ ਵੀ ਬਾਹਰ ਆ ਗਏ ਹਨ ਜੋ ਕਈ ਵਰ੍ਹਿਆਂ ਤੋਂ ਰੂਪੋਸ਼ ਸਨ।
ਮਜੀਠਾ ਹਲਕੇ ਦੀ ਗੱਲ ਕਰਦੇ ਹੋਏ ਸੱਚਰ ਨੇ ਕਿਹਾ ਕਿ ਜਿਹੜਾ ਮਜੀਠਾ ਅਕਾਲੀਆਂ ਦਾ ਗੜ੍ਹ ਬਣਿਆ ਸੀ ਉਹ ਗੜ੍ਹ ਵੀ ਇਸ ਵਾਰ ਕਾਂਗਰਸ ਤੋੜੇਗੀ।
ਜੋਗਿੰਦਰਪਾਲ ਢੀਂਗਰਾ ਵੀ ਪਹੁੰਚੇ
ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਵਾਲੇ ਜੋਗਿੰਦਰਪਾਲ ਢੀਂਗਰਾ ਵੀ ਇਸ ਮੌਕੇ ਉੱਥੇ ਪਹੁੰਚੇ। ਜ਼ਿਕਰਯੋਗ ਹੈ ਕਿ ਢੀਂਗਰਾ 2007 ਵਿੱਚ ਕਾਂਗਰਸ ਦੀ ਟਿਕਟ ਦੇ ਉੱਤਰੀ ਹਲਕੇ ਤੋਂ ਚਾਹਵਾਨ ਸਨ, ਪਰ ਟਿਕਟ ਢੀਂਗਰਾ ਨੂੰ ਨਾ ਦੇ ਕੇ ਜੁਗਲ ਕਿਸ਼ੋਰ ਸ਼ਰਮਾ ਨੂੰ ਦੇ ਦਿੱਤੀ ਗਈ ਜਿਸ ਤੋਂ ਨਾਰਾਜ਼ ਹੋ ਕੇ ਜੋਗਿੰਦਰਪਾਲ ਢੀਂਗਰਾ ਉੱਤਰੀ ਹਲਕੇ ਵਿੱਚੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜ੍ਹੇ ਹੋ ਗਏ। ਜਿਸ ਦੇ ਨਾਲ ਉਸ ਸਮੇਂ ਪਹਿਲੀ ਵਾਰ ਵਿਧਾਇਕ ਵੇ ਚੋਣ ਲੜ ਰਹੇ ਅਨਿਲ ਜੋਸ਼ੀ ਨੂੰ ਲਾਭ ਮਿਲ ਗਿਆ ਅਤੇ ਉਹ ਬੀਜੇਪੀ ਤੋਂ ਵਿਧਾਇਕ ਚੁਣੇ ਗਏl ਜਿਸ ਤੋਂ ਬਾਅਦ ਜੋਗਿੰਦਰਪਾਲ ਢੀਂਗਰਾ ਪਾਰਟੀ ਤੋਂ ਵੱਖ ਹੀ ਨਜ਼ਰ ਆਏ। ਪਰ ਜਦੋਂ ਦੇ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਧਾਨ ਬਣ ਕੇ ਅੰਮ੍ਰਿਤਸਰ ਪਹੁੰਚੇ ਹਨ ਉਸ ਦਿਨ ਤੋਂ ਹੀ ਜੋਗਿੰਦਰਪਾਲ ਢੀਂਗਰਾ ਉਨ੍ਹਾਂ ਦੇ ਨਾਲ ਚੱਲ ਰਹੇ ਹਨ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਪੁਰਾਣੇ ਅਤੇ ਨਾਰਾਜ਼ ਹੋਏ ਨੇਤਾ ਮੁੜ ਕਾਂਗਰਸ ਵਿੱਚ ਐਕਟਿਵ ਹੋ ਕੇ ਕੰਮ ਕਰਨਗੇ।