ਪੰਚਾਇਤ ਚੋਣਾਂ: ਪਟਿਆਲਾ ਜ਼ਿਲ੍ਹੇ 'ਚ 1022 ਗ੍ਰਾਮ ਪੰਚਾਇਤਾਂ ਦੀ ਚੋਣ ਲਈ ਅਮਨ-ਅਮਾਨ ਨਾਲ ਪਈਆਂ ਵੋਟਾਂ
ਦੀਦਾਰ ਗੁਰਨਾ
- ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੇ ਚੋਣ ਅਮਲ ਦਾ ਲਿਆ ਜਾਇਜ਼ਾ
- ਚੋਣਾਂ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਨ ਲਈ ਵੋਟਰਾਂ ਤੇ ਚੋਣ ਅਮਲੇ ਦਾ ਧੰਨਵਾਦ-ਡਾ. ਪ੍ਰੀਤੀ ਯਾਦਵ
- ਵੋਟਾਂ ਸੁਤੰਤਰ ਤੇ ਨਿਰਵਿਘਨ ਢੰਗ ਨਾਲ ਸੰਪੰਨ ਹੋਈਆਂ-ਡਾ. ਨਾਨਕ ਸਿੰਘ
- ਵੋਟਰਾਂ ਨੇ ਦਿਖਾਇਆ ਭਾਰੀ ਉਤਸ਼ਾਹ, ਕਤਾਰਾਂ 'ਚ ਖੜ੍ਹਕੇ ਪਾਈਆਂ ਵੋਟਾਂ
ਪਟਿਆਲਾ, 15 ਅਕਤੂਬਰ 2024 - ਪਟਿਆਲਾ ਜ਼ਿਲ੍ਹੇ ਦੇ 10 ਬਲਾਕਾਂ ਵਿਚਲੇ ਪਿੰਡਾਂ ਦੀਆਂ 1022 ਗ੍ਰਾਮ ਪੰਚਾਇਤਾਂ ਦੀ ਚੋਣ ਲਈ ਅੱਜ ਵੋਟਾਂ ਪੈਣ ਦਾ ਅਮਲ ਨਿਰਵਿਘਨ, ਸਫ਼ਲਤਾ ਪੂਰਵਕ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹ ਗਿਆ। ਇਹ ਵੋਟਾਂ ਪੁਆਉਣ ਲਈ 10 ਹਜ਼ਾਰ 500 ਤੋਂ ਵਧੇਰੇ ਵੋਟਰਾਂ ਚੋਣ ਅਮਲਾ ਤਾਇਨਾਤ ਕੀਤਾ ਗਿਆ ਸੀ ਅਤੇ 1402 ਪੋਲਿੰਗ ਬੂਥ ਬਣਾਏ ਗਏ ਸਨ।
ਇਸ ਦੌਰਾਨ ਵੋਟਰਾਂ 'ਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਪਿੰਡਾਂ ਵਿੱਚ ਲੋਕਾਂ ਨੇ ਸਵੇਰ 8 ਵਜੇ ਤੋਂ ਹੀ ਵੋਟਾਂ ਪੈਣ ਦੇ ਆਖਰੀ ਸਮੇਂ ਤੱਕ ਕਤਾਰਾਂ 'ਚ ਖੜ੍ਹੇ ਹੋ ਕੇ ਮਤਦਾਨ ਕੀਤਾ। ਸਮੁੱਚੇ ਚੋਣ ਅਮਲ ਦਾ ਪਟਿਆਲਾ ਦੇ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਕਈ ਪੋਲਿੰਗ ਬੂਥਾਂ 'ਤੇ ਜਾ ਕੇ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਚੋਣ ਅਮਲ ਨਿਰਵਿਘਨ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਨ ਲਈ ਸਮੂਹ ਵੋਟਰਾਂ, ਚੋਣ ਅਮਲੇ ਤੇ ਸੁਰੱਖਿਆ ਦਸਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਨੇ ਇਹ ਪੰਚਾਇਤੀ ਚੋਣਾਂ ਪੂਰੀ ਤਰ੍ਹਾਂ ਸੁਤੰਤਰ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਹਨ। ਡਾ. ਨਾਨਕ ਸਿੰਘ ਨੇ ਕਿਹਾ ਕਿ ਇਹ ਵੋਟਾਂ ਸੁਤੰਤਰ ਤੇ ਸ਼ਾਂਤਮਈ ਢੰਗ ਨਾਲ ਸੰਪੰਨ ਹੋਈਆਂ ਹਨ।
ਇਨ੍ਹਾਂ ਵੋਟਾਂ ਦੀ ਗਿਣਤੀ ਵੀ ਵੋਟਾਂ ਪੈਣ ਦੀ ਪ੍ਰਕ੍ਰਿਆ ਖ਼ਤਮ ਹੋਣ ਮਗਰੋਂ ਸਬੰਧਤ ਪੋਲਿੰਗ ਸਟੇਸ਼ਨਾਂ ਵਿਖੇ ਹੀ ਕਰਵਾਈ ਗਈ ਅਤੇ ਨਤੀਜੇ ਮੌਕੇ 'ਤੇ ਹੀ ਐਲਾਨ ਦਿੱਤੇ ਗਏ। ਇਸ ਤੋਂ ਪਹਿਲਾਂ 324 ਸਰਪੰਚਾਂ ਤੇ 3733 ਪੰਚਾਂ ਦੀ ਚੋਣ ਬਿਨ੍ਹਾਂ ਮੁਕਾਬਲਾ ਸੰਪੰਨ ਹੋ ਗਈ ਸੀ। ਜਦਕਿ ਨਾਮ ਵਾਪਸ ਲੈਣ ਮਗਰੋਂ ਸਰਪੰਚ ਲਈ 1843 ਅਤੇ ਪੰਚ ਲਈ 4971 ਉਮੀਵਾਰ ਚੋਣ ਮੈਦਾਨ ਵਿੱਚ ਸਨ।
ਚੋਣਾਂ ਦੌਰਾਨ ਜਿੱਥੇ ਏ.ਡੀ.ਸੀ. ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ ਨੇ ਸਮੂਹ ਐਸ.ਡੀ.ਐਮਜ਼ ਤੇ ਰਿਟਰਨਿੰਗ ਅਧਿਕਾਰੀਆਂ ਨਾਲ ਤਾਲਮੇਲ ਕੀਤਾ। ਉਥੈ ਹੀ ਐਸ.ਡੀ.ਐਮ. ਪਟਿਆਲਾ ਮਨਜੀਤ ਕੌਰ, ਨਾਭਾ ਦੇ ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਰਾਜਪੁਰਾ ਦੇ ਐਸ.ਡੀ.ਐਮ. ਅਵਿਕੇਸ਼ ਗੁਪਤਾ, ਸਮਾਣਾ ਦੇ ਐਸ.ਡੀ.ਐਮ ਤਰਸੇਮ ਚੰਦ, ਦੂਧਨ ਸਾਧਾਂ ਦੇ ਐਸ.ਡੀ.ਐਮ. ਕਿਰਵਾਲਵੀਰ ਸਿੰਘ ਤੇ ਪਾਤੜਾਂ ਦੇ ਐਸ.ਡੀ.ਐਮ ਅਸ਼ੋਕ ਕੁਮਾਰ ਨੇ ਆਪਣੀ ਸਬ ਡਵੀਜਨਾਂ ਦੇ ਡੀ.ਐਸ.ਪੀਜ਼ ਨੂੰ ਨਾਲ ਲੈਕੇ ਚੋਣਾਂ ਵਾਲੇ ਪਿੰਡਾਂ ਦਾ ਦੌਰਾ ਕੀਤਾ ਅਤੇ ਚੋਣ ਅਮਲੇ ਸਮੇਤ ਚੋਣ ਲੜ ਰਹੇ ਉਮੀਦਵਾਰਾਂ ਤੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ।