ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ : ਤਿੰਨ ਮੈਂਬਰੀ ਕਮੇਟੀ ਵੱਲੋਂ ਪਹਿਲੇ ਬੈਚ 'ਚ 25 ਲੀਡਰਾਂ ਨੂੰ ਮਿਲਿਆ ਸੱਦਾ, ਤਿੰਨ ਦਿਨ ਚੱਲਣਗੀਆਂ ਮੀਟਿੰਗਾਂ
ਚੰਡੀਗੜ੍ਹ, 30 ਮਈ, 2021: ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਨੂੰ ਖ਼ਤਮ ਕਰਨ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਵੱਲੋਂ ਸੋਮਵਾਰ ਨੂੰ ਪਹਿਲੇ ਦਿਨ ਸੂਬੇ ਦੇ 25 ਕਾਂਗਰਸੀ ਆਗੂਆਂ ਨੂੰ ਮੀਟਿੰਗ ਲਈ ਸੱਦਾ ਭੇਜਿਆ ਗਿਆ ਹੈ।
ਦਿਲਚਸਪੀ ਵਾਲੀ ਗੱਲ ਇਹ ਹੈ ਕਿ ਸੱਦੇ ਦੇ ਸੁਨੇਹੇ ਪੰਜਾਬ ਕਾਂਗਰਸ ਦੇ ਦਫਤਰ ਤੋਂ ਲਗਾਏ ਗਏ ਹਨ।
ਮੀਟਿੰਗਾਂ ਦਾ ਦੌਰ ਤਿੰਨ ਤੱਕ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਤੱਕ ਚੱਲੇਗਾ ਤੇ ਇਕੱਲੇ ਇਕੱਲੇ ਆਗੂ ਨਾਲ ਕਮੇਟੀ ਮੁਲਾਕਾਤ ਕਰੇਗੀ। ਜਿਹੜੇ ਆਗੂ ਬੁਲਾਏ ਗਏ ਹਨ, ਉਹਨਾਂ ਵਿਚ ਮੰਤਰੀ, ਵਿਧਾਇਕ, ਐਮ ਪੀ ਤੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਵੀ ਸ਼ਾਮਲ ਹਨ।
ਮੀਟਿੰਗਾਂ ਦਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਜਿਥੇ ਪ੍ਰਤਾਪ ਸਿੰਘ ਬਾਜਵਾ ਨੇ ਆਗੂਆਂ ਨੂੰ ਜ਼ਮੀਰ ਦੀ ਆਵਾਜ਼ ਸੁਣਨ ਤੇ ਦਲੇਰ ਬਣਨ ਦਾ ਸੱਦਾ ਦਿੱਤਾ ਹੈ, ਉਥੇ ਹੀ ਪਰਗਟ ਸਿੰਘ ਵੱਲੋਂ ਫੇਸਬੁੱਕ 'ਤੇ 'ਅਹਿਮ ਮੁੱਦੇ ਖਾਸ ਗੱਲਬਾਤ, ਪੰਜਾਬੀ ਹਾਂ, ਗੱਲ ਕਰਾਂਗੇ ਪੰਜਾਬੀ' ਦਾ ਪੋਸਟਰ ਵੀ ਪਾਇਆ ਹੈ।
ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਕਿਹੜਾ ਆਗੂ ਕਮੇਟੀ ਨੂੰ ਕੀ ਕਹਿੰਦਾ ਹੈ ਤੇ ਇਹ ਸਾਰੀ ਪ੍ਰਕਿਰਿਆ ਦਾ ਨਤੀਜਾ ਕੀ ਨਿਕਲਦਾ ਹੈ। ਇਹ ਵੀ ਪਤਾ ਲੱਗਾ ਹੈ ਕੁਝ ਨੇਤਾ ਬਾਕਾਇਦਾ ਲਿਖਤੀ ਰੂਪ 'ਚ ਆਪਣਾ ਪੱਖ ਤਿਆਰ ਕਰ ਕੇ ਲਿਜਾ ਰਹੇ ਹਨ ਜਦੋਂ ਕਿ ਬਾਕੀ ਜ਼ੁਬਾਨੀ ਹੀ ਆਪਣਾ ਪੱਖ ਰੱਖਣਗੇ ।
ਇਹ ਵੀ ਪਤਾ ਲੱਗਾ ਹੈ ਕੈਪਟਨ ਅਮਰਿੰਦਰ ਕੈਂਪ ਦੇ ਨੇਤਾ ਵੀ ਆਪਣਾ ਪੱਖ ਮਜ਼ਬੂਤੀ ਨਾਲ ਰੱਖਣ ਦੀ ਤਿਆਰੀ ਕਰ ਰਹੇ ਹਨ .
ਕਾਂਗਰਸ ਹਾਈ ਕਮਾਂਡ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵਿੱਚ ਹਰੀਸ਼ ਰਾਵਤ , ਜੇ ਪੀ ਅਗਰਵਾਲ ਅਤੇ ਮਲਿਕਅਰਜੁਨ ਸ਼ਾਮਲ ਹਨ .