ਲੋਕਾਂ ਦਾ ਧਿਆਨ ਆਪਣੀਆਂ ਅਸਫਲਤਾਵਾਂ ਤੋਂ ਪਾਸੇ ਕਰਨ ਲਈ ਕਾਂਗਰਸ ਮਿਥੀ ਕਹਾਣੀ ਮੁਤਾਬਕ ਚੱਲ ਰਹੀ ਹੈ : ਅਕਾਲੀ ਦਲ
- ਨਵਜੋਤ ਸਿੱਧੂ ਵਾਅਦੇ ਪੂਰੇ ਕਰਨ ਪੰਜਾਬੀਆਂ ਨੂੰ ਸਮਾਂ ਹੱਦ ਦੱਸਣ : ਡਾ. ਦਲਜੀਤ ਸਿੰਘ ਚੀਮਾ
- ਸੁਨੀਲ ਜਾਖੜ ਵੱਲੋਂ ਬੇਅਦਬੀ ਕੇਸਾਂ ’ ਤੇ ਰਾਜਨੀਤੀ ਕਰ ਕੇ ਹੀ 2022 ਵਿਚ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ ਦੇ ਕੀਤੇ ਐਲਾਨ ਦੀ ਕੀਤੀ ਨਿਖੇਧੀ
ਚੰਡੀਗੜ੍ਹ, 23 ਜੁਲਾਈ 2021 - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੀਆਂ ਅਸਫਲਤਾਵਾਂ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਤੈਅ ਕਹਾਣੀ ਅਨੁਸਾਰ ਕੰਮ ਕੀਤਾ ਹੈ ਤਾਂ ਜੋ ਪੰਜਾਬੀਆਂ ਨੁੰ ਮੂਰਖ ਬਣਾਇਆ ਜਾ ਸਕੇ ਅਤੇ ਪਾਰਟੀ ਨੇ ਪ੍ਰਦੇਸ਼ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਨੁੰ ਕਿਹਾ ਕਿ ਉਹ ਇਧਰ ਉਧਰ ਦੀਆਂ ਮਾਰਨ ਨਾਲੋਂ ਸਾਰੇ ਵਾਅਦੇ ਪੂਰੇ ਕਰਨ ਵਾਸਤੇ ਪੰਜਾਬੀਆਂ ਨੂੰ ਸਮਾਂ ਹੱਦ ਦੱਸਦ।
ਅਕਾਲੀ ਦਲ ਨੇ ਅਹੁਦਾ ਛੱਡ ਰਹੇ ਪ੍ਰਧਾਨ ਸੁਨੀਲ ਜਾਖੜ ਵੱਲੋਂ 2022 ਵਿਚ ਕਾਂਗਰਸ ਦੀ ਮੁੜ ਜਿੱਤ ਦਾ ਰਾਹ ਬੇਅਦਬੀ ਨਾਲ ਸਬੰਧਤ ਥਾਵਾਂ ਬਰਗਾੜੀ ਤੇ ਬਹਿਬਲ ਕਲਾਂ ਤੋਂ ਲੰਘਦਾ ਹੋਣ ਦੀ ਗੱਲ ਕਹਿਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਤੋਂ ਵੱਡਾ ਸਬੂਤ ਨਹੀਂ ਹੋ ਸਕਦਾ ਕਿ ਕਾਂਗਰਸ ਨੇ ਇਸ ਮਾਮਲੇ ’ਤੇ 2017 ਵਿਚ ਆਮ ਆਦਮੀ ਪਾਰਟੀ ਨਾਲ ਰਲ ਕੇ ਰਾਜਨੀਤੀ ਕੀਤੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ਤੋਂ ਇਹ ਖ਼ਤਰਨਾਕ ਖੇਡ ਖੇਡਣਾ ਚਾਹੁੰਦੀ ਹੈ। ਪਾਰਟੀ ਨੇ ਕਿਹਾ ਕਿ ਜਾਖੜ ਨੇ ਉਹੀ ਦੁਹਰਾਇਆ ਹੈ ਜੋ ਇਕ ਮਹੀਨਾ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਤੇ ਮੁੱਖ ਮੰਤਰੀ ਨੂੰ ਹਦਾਇਤ ਕੀਤੀ ਸੀ ਕਿ ਬੇਅਦਬੀ ਕੇਸਾਂ ਵਿਚ ਬਾਦਲ ਪਰਿਵਾਰ ਨੁੰ ਫਸਾ ਦਿੱਤਾ ਜਾਵੇ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਨਵੇਂ ਨਿਯੁਕਤ ਹੋਏ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋਵੇਂ ਹੀ ਸੂਬੇ ਦੇ ਲੋਕਾਂ ਨੁੰ ਧੋਖਾ ਦੇਣ ਦੇ ਦੋਸ਼ੀ ਹਨ। ਉਹਨਾਂ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਸਿੱਧੂ ਤੇ ਮੁੱਖ ਮੰਤਰੀ ਵਿਚਾਲੇ ਲੜਾਈ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਇਹ ਡਰਾਮਾ ਖੇਡਿਆ ਗਿਆ । ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਬਦਲ ਕੇ ਪਾਰਟੀ ਦੇ ਡੁਬਦੇ ਬੇੜੇ ਨੁੰ ਬਚਾਉਣ ਦਾ ਯਤਨ ਕੀਤਾ ਗਿਆ ਤੇ ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਦੋ ਮਹੀਨੇ ਲੰਬਾ ਡਰਾਮਾ ਖੇਡਿਆ ਗਿਆ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਅਸਲ ਲੜਾਈ ਸੱਤਾ ਦੀ ਬੂਟੀ ਦੀ ਵੰਡ ਦੀ ਸੀ। ਉਹਨਾਂ ਕਿਹਾ ਕਿ ਹਾਈ ਕਮਾਂਡ ਨੇ ਇਹ ਵਾਅਦਾ ਲਿਆ ਹੈ ਕਿ ਭ੍ਰਿਸ਼ਟਾਚਾਰ ਤੋਂ ਮਿਲੀ ਰਾਸ਼ੀ ਬਰਾਬਰ ਵੰਡੀ ਜਾਵੇਗੀ ਤੇ ਲੜਨ ਵਾਲੀਆਂ ਧਿਰਾਂ ਨੇ ਆਪਸੀ ਮਤਭੇਦ ਭੁਲਾ ਕੇ ਹੁਣ ਜਿੱਤ ਦਾ ਐਲਾਨ ਕਰ ਦਿੱਤਾ ਹੈ।
ਡਾ. ਚੀਮਾ ਨੇ ਕਿਹਾ ਕਿ ਨਵਜੋਤ ਸਿੱਧੂ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਵਾਅਦੇ ਪੂਰੇ ਕਰਨ ਵਾਰ ਵਾਰ ਸਮਾਂ ਦੇ ਕੇ ਭੱਜ ਸਕਦੇ ਹਨ। ਉਹਨਾਂ ਕਿਹਾ ਕਿ ਲੋਕ ਪੁੱਛ ਰਹੇ ਹਨ ਕਿ 85 ਹਜ਼ਾਰ ਕਰੋੜ ਰੁਪਏ ਦੀ ਪੂਰਨ ਕਰਜ਼ਾ ਮੁਆਫੀ ਕਦੋਂ ਹੋਵੇਗੀ ? ਉਹਨਾਂ ਕਿਹਾ ਕਿ ਇਸੇ ਤਰੀਕੇ ਸਿੱਧੂ ਨੌਜਵਾਨਾਂ ਨੂੰ ਦ ੰਸਣ ਕਿ ਨੌਜਵਾਨਾਂ ਨੁੰ 25 ਲੱਖ ਨੌਕਰੀਆਂ ਕਦੋਂ ਦਿੱਤੀਆਂ ਜਾਣਗੀਆਂ ਤੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼ੇ੍ਰਣੀਆਂ, ਉਦਯੋਗ ਤੇ ਵਪਾਰ ਅਤੇ ਸਰਕਾਰੀ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਕਦੋਂ ਪੂਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਿੱਧੂ ਦੀ ਇਹ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੱਸਣ ਕਿ ਦੁਸ਼ਹਿਰਾ ਰੇਲ ਦੁਖਾਂਤ ਜਿਸ ਲਈ ਉਹਨਾਂ ਦਾ ਨੇੜਲਾ ਸਹਿਯੋਗੀ ਫੌਜਦਾਰੀ ਗੁਨਾਹ ਦਾ ਦੋਸ਼ੀ ਹੈ, ਦੇ ਮਾਮਲੇ ਵਿਚ ਪੀੜਤਾਂ ਨੁੰ ਇਨਸਾਫ ਮਿਲਣਾ ਹੁਣ ਕਿਵੇਂ ਯਕੀਨੀ ਬਣਾਇਆ ਜਾਵੇਗਾ। ਇਸੇ ਤਰੀਕੇ ਸਿੱਧੂ ਇਹ ਦੱਸੇ ਕਿ ਮਾਝਾ ਖੇਤਰ ਵਿਚ ਵਾਪਰੇ ਜ਼ਹਿਰੀਲੀ ਸ਼ਰਾਬ ਦੇ ਦੁਖਾਂਤ ਜਿਸ ਵਿਚ 130 ਲੋਕ ਮਾਰੇ ਗਏ ਸਨ, ਵਿਚ ਉਹਨਾਂ ਪੀੜਤ ਪਰਿਵਾਰਾਂ ਨੂੰ ਇਨਸਾਫ ਕਿਵੇਂਮਿਲੇਗਾ ਜਿਹਨਾਂ ਨੇ ਜ਼ਹਿਰੀਲੀ ਸ਼ਰਾਬ ਵੰਡਣ ਪਿੱਛੇ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਦੀ ਸ਼ਮੂਲੀਅਤ ਦੀ ਗੱਲ ਉਜਾਗਰ ਕੀਤੀ।
ਡਾ. ਚੀਮਾ ਨੇ ਕਿਹਾ ਕਿ ਸਿੱਧੂ ਨੁੰ ਵਿਰੋਧੀ ਧਿਰ ਦੇ ਨੇਤਾ ਦੀ ਥਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਪੇਸ਼ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਤਾਂ ਵਿਰੋਧੀ ਧਿਰ ਨੇਤਾ ਵਜੋਂ ਕਿਸਾਨਾਂ, ਅਧਿਆਪਕਾਂ ਤੇ ਡਾਕਟਰਾਂ ਦੀਆਂ ਮੁਸ਼ਕਿਲਾਂ ਦੀ ਗੱਲ ਕਰ ਰਹੇ ਹਨ ਜਦਕਿ ਉਹ ਇਹਨਾਂ ਮਸਲਿਆਂ ਦੇ ਹੱਲ ਦੀ ਗੱਲ ਕਰਨ ਤੋਂ ਇਨਕਾਰੀ ਹਨ। ਉਹਨਾਂ ਕਿਹਾ ਕਿ ਸਿੱਧੂ ਨੇ ਮੁਸ਼ਕਿਲਾਂ ਬਾਰੇ ਤਾਂ ਫਲੈਸ਼ ਖਬਰ ਦੇ ਦਿੱਤੀ ਪਰ ਪ੍ਰਦੇਸ਼ ਕਾਂਗਰਸ ਦਫਤਰ ਦੀ ਛੱਤ ’ਤੇ ਬੈਠੇ ਅਧਿਆਪਕਾਂ ਬਾਰੇ ਖਬਰ ਦੱਸਣ ਤੋਂ ਰਹਿ ਗਏ।