ਸ੍ਰੀ ਅਨੰਦਪੁਰ ਸਾਹਿਬ, 31 ਜੁਲਾਈ, 2017 : ਪੰਜਾਬ ਦੇ 500 ਸਾਲਾਂ ਦੇ ਸ਼ਾਨਾਮੱਤੇ ਤੇ ਮਾਨਯੋਗ ਇਤਿਹਾਸ ਨੂੰ ਰੂਪਮਾਨ ਕਰਦੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੇ ਪੰਜਵੇਂ ਛਮਾਹੀ ਮੁਰੰਮਤ ਤੋਂ ਬਾਅਦ ਇਸਨੂੰ ਅੱਜ ਇੱਕ ਅਗਸਤ ਤੋਂ ਦਰਸ਼ਕਾਂ ਦੇ ਲਈ ਮੁੜ ਤੋਂ ਖੋਲ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਵਿਰਾਸਤ-ਏ-ਖਾਲਸਾ ਦੇ ਮੁੱਖ ਕਾਰਜਕਾਰੀ ਅਫਸਰ ਸ੍ਰ:ਸ਼ਿਵ ਦੁਲਾਰ ਸਿੰਘ ਢਿੱਲੋਂ, ਆਈ ਏ ਐਸ ਨੇ ਕੀਤਾ।
ਮੁੱਖ ਕਾਰਜਕਾਰੀ ਅਫਸਰ ਸ੍ਰ:ਸ਼ਿਵ ਦੁਲਾਰ ਸਿੰਘ ਢਿੱਲੋਂਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਗਏ ਇਸ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੀ ਸਾਂਭ ਸੰਭਾਲ ਦੇ ਲਈ ਇਸਨੂੰ ਸਾਲ ਵਿੱਚ ਦੋ ਵਾਰ ਇੱਕ-ਇੱਕ ਹਫਤੇ ਲਈ ਗਰਮੀਆਂ (24 ਜੁਲਾਈ ਤੋਂ 31 ਜੁਲਾਈ ਤੱਕ) ਅਤੇ ਸਰਦੀਆਂ (24 ਦਸੰਬਰ ਤੋਂ 31 ਦਸੰਬਰ ਤੱਕ) ਬੰਦ ਰੱਖਿਆ ਜਾਂਦਾ ਹੈ। ਇਸ ਦੌਰਾਨ ਉਹ ਜਰੂਰੀ ਮੁਰੰਮਤ ਜਾਂ ਰੱਖ ਰਖਾਵ ਕੀਤਾ ਜਾਂਦਾ ਹੈ ਜੋ ਕਿ ਆਮ ਦਿਨਾਂ ਦੌਰਾਨ ਨਹੀਂ ਕੀਤਾ ਜਾ ਸਕਦਾ ਹੈ। ਜਿਸਦੇ ਤਹਿਤ ਇਸ ਵਾਰ ਕੀਤੇ ਗਏ ਪੰਜਵੇਂ ਛਮਾਹੀ ਬੰਦ ਦੌਰਾਨ 24 ਜੁਲਾਈ ਤੋਂ 31 ਜੁਲਾਈ ਨੂੰ ਜਰੂਰੀ ਮੁਰੰਮਤ ਦੇ ਕੰਮ ਨੇਪਰੇ ਚਾੜ੍ਹੇ ਗਏ ਹਨ ਤਾਂ ਜੋ ਵਿਰਾਸਤ-ਏ-ਖਾਲਸਾ ਦੇ ਦਰਸ਼ਨਾਂ ਲਈ ਆਉਣ ਵਾਲੇ ਦਰਸ਼ਕਾਂ ਜਾਂ ਸੈਲਾਨੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਦਰਪੇਸ਼ ਨਾ ਆਵੇ। ਜਿਸਤੋਂ ਬਾਅਦ ਅੱਜ ਇੱਕ ਅਗਸਤ ਤੋਂ ਵਿਰਾਸਤ-ਏ-ਖਾਲਸਾ ਵੇਖਣ ਲਈ ਦਰਸ਼ਨ ਆਮ ਦੀ ਤਰ੍ਹਾਂ ਆ ਸਕਦੇ ਹਨ।
ਇਕੱਤਰ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਵਿਰਾਸਤ-ਏ-ਖਾਲਸਾ ਨੂੰ ਹੁਣ ਤੱਕ ਕਰੀਬ 80 ਲੱਖ ਸੈਲਾਨੀ ਵੇਖ ਚੁੱਕੇ ਹਨ। ਜਦਕਿ ਇਸਦੇ ਪਹਿਲੇ ਅਤੇ ਦੂਸਰੇ ਭਾਗ ਵਿੱਚ ਪੰਜਾਬ ਦੇ ਵਿਰਸੇ, ਗੁਰੂ ਸਹਿਬਾਨ ਦੇ ਜੀਵਨ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਥਾਪਨਾ, ਬੰਦਾ ਸਿੰਘ ਬਹਾਦਰ, ਮਿਸਲ ਕਾਲ, ਮਹਾਰਾਜਾ ਰਣਜੀਤ ਸਿੰਘ ਕਾਲ, ਐਂਗਲੋ ਸਿੱਖ ਯੁੱਧ, ਧਰਮ ਯੁੱਧ ਮੋਰਚੇ, ਪੰਜਾਬ ਅਤੇ ਦੇਸ਼ ਦੀ ਅਜ਼ਾਦੀ ਦਾ ਸੰਘਰਸ਼, ਭਾਰਤ-ਪਾਕ ਵੰਡ ਅਤੇ ਮੁੜ ਵਸੇਬੇ ਦੀ ਸੁਨਹਿਰੀ ਇਤਿਹਾਸ ਨੂੰ ਅਤਿ ਆਧੁਨਿਕ ਤਕਨੀਕਾਂ ਦੇ ਨਾਲ ਬਾਖੂਬੀ ਪੇਸ਼ ਕੀਤਾ ਗਿਆ ਹੈ। ਇੱਥੇ ਪਹੁੰਚਣ ਵਾਲੇ ਦਰਸ਼ਕ ਮਹਿਜ਼ ਢਾਈ ਘੰਟੇ ਵਿੱਚ ਪੰਜਾਬ ਦੇ ਗੌਰਵਮਈ ਇਤਿਹਾਸ ਨੂੰ ਨੇੜੇ ਤੋਂ ਸਮਝਣ ਦੇ ਨਾਲ-ਨਾਲ ਇਸਦਾ ਨਿੱਘ ਵੀ ਮਾਣ ਸਕਦੇ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਹਾਨ ਪ੍ਰੋਜੈਕਟ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 14 ਅਪ੍ਰੈਲ 2006 ਵਿੱਚ ਸੰਤਾਂ, ਮਹਾਂਪੁਰਸ਼ਾਂ ਦੀ ਹਾਜ਼ਰੀ ਵਿੱਚ ਮੁੱਢਲਾ ਉਦਘਾਟਨ ਕੀਤਾ ਗਿਆ ਸੀ ਜਿਸਤੋਂ ਬਾਅਦ ਸਮੇਂ ਸਮੇਂ ਤੇ ਇਸਦਾ ਵਿਸਥਾਰ ਹੁੰਦਾ ਰਿਹਾ ਹੈ। ਯਾਦ ਰਹੇ ਕਿ ਕੁਝ ਹਫਤੇ ਪਹਿਲਾਂ ਵਿਰਾਸਤ-ਏ-ਖਾਲਸਾ ਦਾ ਦੌਰਾ ਕਰਨ ਪਹੁੰਚੇ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ:ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ: ਰਾਣਾ ਕੰਵਰਪਾਲ ਸਿੰਘ ਨੇ ਵੀ ਇਹ ਕਿਹਾ ਸੀ ਜਿੱਥੇ ਮੌਜੂਦਾ ਸਰਕਾਰ ਇਸ ਅਨਮੋਲ ਵਿਰਾਸਤ ਨੂੰ ਸਾਂਭਣ ਦੇ ਲਈ ਯਤਨਸ਼ੀਲ ਰਹੇਗੀ ਉੱਥੇ ਹੀ ਇਸ ਅੰਦਰ ਸੈਰ ਸਪਾਟੇ ਨੂੰ ਹੁਲਾਰਾ ਦੇਣ ਦੇ ਲਈ ਹੋਰ ਵੀ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ।