ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 29 ਨਵੰਬਰ 2020 - ਲਾਸ ਏਂਜਲਸ 'ਚ ਵਧ ਰਹੇ ਵਾਇਰਸ ਦੇ ਕੇਸਾਂ ਨੂੰ ਰੋਕਣ ਲਈ ਕਾਉਂਟੀ ਦੇ ਪਬਲਿਕ ਹੈਲਥ ਵਿਭਾਗ ਨੇ ਸ਼ੁੱਕਰਵਾਰ ਨੂੰ ਨਵੀਆਂ ਅਸਥਾਈ ਪਾਬੰਦੀਆਂ ਦੀ ਘੋਸ਼ਣਾ ਕੀਤੀ ਹੈ ਜਿਸਦੇ ਤਹਿਤ ਲਾਸ ਏਂਜਲਸ ਵਿੱਚ ਸੋਮਵਾਰ ਤੋਂ ਲਗਭਗ ਸਾਰੇ ਹਾਊਸ ਹੋਲਡਰਜ਼ ਦੁਆਰਾ ਨਿੱਜੀ ਅਤੇ ਜਨਤਕ ਇਕੱਠ ਕਰਨ ਤੇ ਮਨਾਹੀ ਹੋਵੇਗੀ।ਇਹ ਪਾਬੰਦੀ ਸ਼ਹਿਰ ਦੇ "ਸੇਫ਼ਰ ਐਟ ਹੋਮ" ਆਰਡਰ ਵਿੱਚ ਹੀ ਇੱਕ ਤਬਦੀਲੀ ਹੈ ਜੋ ਨਵੇਂ ਕੋਰੋਨਾਂ ਵਾਇਰਸ ਕੇਸਾਂ ਦੇ ਵਾਧੇ ਨੂੰ ਹੌਲੀ ਕਰਨ ਲਈ ਲਾਗੂ ਕੀਤੀ ਜਾ ਰਹੀ ਹੈ। ਇਸ ਪਾਬੰਦੀ ਵਿੱਚ ਕੁੱਝ ਪ੍ਰੋਗਰਾਮਾਂ ਜਿਵੇਂ ਕਿ ਰੋਸ ਪ੍ਰਦਰਸ਼ਨ , ਚਰਚ ਦੀਆਂ ਸੇਵਾਵਾਂ ਸ਼ਾਮਲ ਨਹੀਂ ਹਨ ਜਦਕਿ ਸਕੂਲ ਅਜੇ ਵੀ ਰੀ-ਓਪਨਿੰਗ ਪ੍ਰੋਟੋਕੋਲ ਦਾ ਪਾਲਣ ਕਰਨਗੇ।
ਇਹ ਹੁਕਮ ਸੋਮਵਾਰ, 30 ਨਵੰਬਰ ਤੋਂ ਲਾਗੂ ਹੁੰਦਾ ਹੈ ਅਤੇ ਇਸ ਰਾਹੀਂ ਵਸਨੀਕਾਂ ਨੂੰ ਘਰ 'ਚ ਰਹਿਣ ਦੇ ਨਾਲ-ਨਾਲ ,ਘਰੋਂ ਬਾਹਰ ਜਾਣ ਵੇਲੇ ਜਾਂ ਕਿਸੇ ਨੂੰ ਮਿਲਣ ਵੇਲੇ ,ਚਿਹਰੇ ਨੂੰ ਮਾਸਕ ਨਾਲ ਢਕਣ ਅਤੇ ਹੋਰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ।ਇਸਦੇ ਨਾਲ ਰੈਸਟੋਰੈਂਟ, ਗੈਰ-ਜ਼ਰੂਰੀ ਦੁਕਾਨਾਂ, ਲਾਇਬ੍ਰੇਰੀਆਂ, ਜਿੰਮ, ਅਤੇ ਅਜਾਇਬ ਘਰ ਆਦਿ ਕਾਰੋਬਾਰ ਪ੍ਰਤਿਬੰਧਿਤ ਸੀਮਾ ਦੇ ਅਧੀਨ ਕੰਮ ਕਰਨਗੇ ਜਦਕਿ ਰੈਸਟੋਰੈਂਟਾਂ, ਬਾਰਾਂ 'ਚ ਵਿਅਕਤੀਗਤ ਭੋਜਨ ਖਾਣਾ ਅਜੇ ਵੀ ਬੰਦ ਹੈ।ਕੈਲੀਫੋਰਨੀਆਂ ਦੇ ਸਿਹਤ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਰਾਜ ਵਿਚ ਕੋਵਿਡ -19 ਦੇ 1,171,324 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਲਾਸ ਏਂਜਲਸ ਕਾਉਂਟੀ ਵਿੱਚ ਵੀ 387,793 ਸਕਾਰਾਤਮਕ ਮਾਮਲਿਆਂ ਦੇ ਨਾਲ 7,604 ਮੌਤਾਂ ਦਰਜ ਕੀਤੀਆਂ ਗਈਆਂ ਹਨ।