ਅੰਮ੍ਰਿਤਸਰ ਰੇਲ ਹਾਦਸੇ 'ਤੇ ਸਿਆਸਤ, ਮੈਡਮ ਸਿੱਧੂ 'ਤੇ ਮੜ੍ਹਿਆ ਦੋਸ਼, ਸਿੱਧੂ ਵੀ ਦਿੱਤਾ ਮੋੜਵਾਂ ਜਵਾਬ
ਅੰਮ੍ਰਿਤਸਰ, 19 ਅਕਤੂਬਰ 2018 - ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ 'ਚ ਦੁਸਹਿਰੇ ਦੌਰਾਨ ਵਾਪਰੇ ਹਾਦਸੇ 'ਤੇ ਬਿਆਨ ਦਿੰਦਿਆਂ ਕਿਹਾ ਕਿ ਉਹ ਦੁਸਹਿਰੇ ਵਾਲੀ ਜਗ੍ਹਾ ਤੋਂ ਅਜੇ ਨਿਕਲੇ ਹੀ ਸਨ ਕਿ ਉਨ੍ਹਾਂ ਨੂੰ ਇਸ ਦਰਦਨਾਕ ਹਾਦਸੇ ਦਾ ਫੋਨ ਆ ਗਿਆ। ਉਥੇ ਹੀ ਸਿੱਧੂ ਨੇ ਕਿਹਾ ਕਿ ਜੋ ਲੋਕ ਇਸ ਹਾਦਸੇ 'ਤੇ ਲਗਾਤਾਰ ਸਿਆਸਤ ਕਰ ਰਹੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਵੇਲਾ ਸਿਆਸਤ ਕਰਨ ਦਾ ਨਹੀਂ ਸਗੋਂ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਦਾ ਹੈ।
ਦੂਜੇ ਪਾਸੇ ਇਸ ਹਾਦਸੇ 'ਤੇ ਸਿਆਸਤ ਹੋਣੀ ਸ਼ੁਰੂ ਹੋ ਗਈ ਹੈ। ਅਕਾਲੀ ਦਲ ਵੱਲੋਂ ਨਵਜੋਤ ਕੌਰ ਸਿੱਧੂ 'ਤੇ ਸ਼ਬਦੀ ਹਮਲੇ ਕੀਤੇ ਗਏ ਕਿ ਉਨ੍ਹਾਂ ਦੀ ਮੌਜੂਦਗੀ 'ਚ ਇੰਨੀ ਵੱਡੀ ਘਟਨਾ ਹੋ ਗਈ ਤੇ ਉਹ ਚੁੱਪ ਕਰਕੇ ਆਪਣੀ ਗੱਡੀ ਵਿਚ ਬੈਠ ਉਥੋਂ ਨਿਕਲ ਗਏ। ਪਰ ਦੂਜੇ ਪਾਸੇ ਮੈਡਮ ਸਿੱਧੂ ਦਾ ਕਹਿਣਾ ਹੈ ਕਿ ਉਹ ਉਥੋਂ ਭੱਜੇ ਨਹੀਂ ਸਨ ਸਗੋਂ ਇਸ ਘਟਨਾ ਦਾ ਪਤਾ ਲੱਗਣ 'ਤੇ ਉਹ ਸਿੱਧਾ ਹਸਪਤਾਲ ਪੁੱਜੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਜ਼ਖਮੀ ਹੋਏ ਹਨ ਉਨ੍ਹਾਂ ਲਈ ਉਹ ਹਸਪਤਾਲ 'ਚ ਪੁਖਤਾ ਪ੍ਰਬੰਧ ਕਰਨ ਪੁੱਜੇ ਸਨ।
ਉਥੇ ਹੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਲੋਕ ਵੀ ਰੇਲਵੇ ਟਰੈਕ 'ਤੇ ਖੜ੍ਹ ਕੇ ਸੈਲਫੀਆਂ ਲੈ ਰਹੇ ਸਨ। ਉੱਤੋਂ ਰੇਲ ਗੱਡੀ ਚਾਲਕ ਨੇ ਤੇਜੀ ਨਾਲ ਗੱਡੀ ਲਿਆ ਕੇ ਟ੍ਰੈਕ 'ਤੇ ਖੜ੍ਹੇ ਲੋਕਾਂ 'ਤੇ ਚੜ੍ਹਾ ਦਿੱਤੀ। ਉਨ੍ਹਾਂ ਕਿਹਾ ਕਿ ਫਿਲਹਾਲ ਇੰਨ੍ਹਾਂ ਗੱਲਾਂ ਨੂੰ ਕਰਨਾ ਵਾਜਿਬ ਨਹੀਂ ਹੈ। ਕਿਉਂਕਿ ਉਨ੍ਹਾਂ ਵੱਲੋਂ ਲਗਾਤਾਰ ਜ਼ਖਮੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਸਿੱਧੂ ਨੇ ਕਿਹਾ ਕਿ ਉਹ ਸਾਰੀ ਰਾਤ ਇਥੇ ਹੀ ਹਨ ਤੇ ਉਹ ਜ਼ਖਮੀਆਂ ਦੀ ਸਹਾਇਤਾ 'ਚ ਜੁਟ ਗਏ ਹਨ। ਦੱਸ ਦੇਈਏ ਕਿ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 50 ਤੋਂ ਵੱਧ ਦੱਸੀ ਜਾ ਰਹੀ ਹੈ।