ਚੰਡੀਗੜ੍ਹ, 11 ਫਰਵਰੀ 2021 - 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਵਾਪਰੀ ਲਾਲ ਕਿਲ਼ੇ ਦੀ ਘਟਨਾ ਦੇ ਮਾਮਲੇ 'ਚ ਦਿੱਲੀ ਪੁਲਿਸ ਦੁਆਰਾ ਮੋਗਾ ਦੇ ਇੱਕ ਨੌਜਵਾਨ ਨੂੰ ਨੋਟਿਸ ਭੇਜਿਆ ਹੈ ਕਿ ਉਹ ਇਸ ਤਫਤੀਸ਼ ਦਾ ਹਿੱਸਾ ਬਣੇ ਅਤੇ ਉਸਦੇ ਟਰੈਕਟਰ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਦੇਵੇ। ਭੇਜੇ ਗਏ ਨੋਟਿਸ ਮੁਤਾਬਕ ਦਿੱਲੀ ਪੁਲਿਸ ਨੇ ਨੌਜਵਾਨ ਦੇ ਟਰੈਕਟਰ ਦੇ ਨੰਬਰ ਤੋਂ ਉਸਨੂੰ ਨੋਟਿਸ ਭੇਜਿਆ, ਜੋ ਕਿ ਨੌਜਵਾਨ ਅਨੁਸਾਰ ਉਸਨੇ ਸਾਲ 2015 'ਚ ਵੇਚ ਦਿੱਤਾ ਸੀ ਤੇ ਅੱਜ ਕੱਲ੍ਹ ਉਹ ਆਸਟ੍ਰੇਲੀਆ 'ਚ ਰਹਿ ਰਿਹਾ ਹੈ।
ਇਸੇ ਸਬੰਧ 'ਚ ਟਵਿੱਟਰ 'ਤੇ ਪੱਤਰਕਾਰ ਕਮਲਦੀਪ ਸਿੰਘ ਬਰਾੜ ਦੁਆਰਾ ਨੋਟਿਸ ਦੀਆਂ ਕਾਪੀਆਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਲਿਖਿਆ ਹੈ ਕਿ ਜਿਸ ਮੋਗਾ ਦੇ ਨੌਜਵਾਨ ਨੂੰ ਨੋਟਿਸ ਮਿਲਿਆ ਹੈ, ਅੱਜ ਕੱਲ੍ਹ ਉਹ ਆਸਟ੍ਰੇਲੀਆ 'ਚ ਰਹਿ ਰਿਹਾ ਹੈ। ਇਸ ਦੇ ਨਾਲ ਹੀ ਇੱਕ ਹੋਰ ਅੰਮ੍ਰਿਤਸਰ ਵਾਸੀ ਨੂੰ ਨੋਟਿਸ ਮਿਲਿਆ ਹੈ ਜਿਸਦੀ ਕਾਰ 26 ਜਨਵਰੀ ਵਾਲੇ ਦਿਨ ਇਸ ਘਟਨਾ ਮੌਕੇ ਦੇਖੀ ਗਈ ਸੀ। ਉਕਤ ਨੋਟਿਸ ਲੰਘੀ 3 ਫਰਵਰੀ ਨੂੰ ਭੇਜੇ ਗਏ ਸੀ ਤੇ 9 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ ਹੋਏ ਸਨ।