ਚੰਡੀਗੜ੍ਹ, 22 ਦਸੰਬਰ 2020 - ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਇੰਗਲੈਂਡ ਵਿੱਚ ਪਾਏ ਗਏ ਨਵੇਂ ਸਾਰਸ(ਐਸ.ਏ.ਆਰ.ਐਸ)-ਕੋਵ -2 ਵਾਇਰਸ ਦੇ ਮੱਦੇਨਜ਼ਰ ਮਹਾਂਮਾਰੀ ਸਬੰਧੀ ਵਿਗਿਆਨਕ ਨਿਗਰਾਨੀ ਅਤੇ ਪ੍ਰਤਿਕਿ੍ਰਆ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀ) ਜਾਰੀ ਕੀਤੀ।
ਇਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਿਦਆਂ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇੰਗਲੈਂਡ ਤੋਂ ਆਉਣ-ਜਾਣ ਵਾਲੇ ਯਾਤਰੀਆਂ ਦੀ ਨਿਗਰਾਨੀ ਅਤੇ ਟੈਸਟ ਕਰਨ ਸੰਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸਿਵਲ ਸਰਜਨਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨਾਂ ਦੱਸਿਆ ਕਿ 21 ਤੋਂ 23 ਦਸੰਬਰ, 2020 ਨੂੰ ਯੂਕੇ ਤੋਂ ਭਾਰਤ ਪਹੁੰਚੇ 262 ਯਾਤਰੀਆਂ ਨੂੰ ਅੰਮਿ੍ਰਤਸਰ ਹਵਾਈ ਅੱਡੇ ’ਤੇ ਆਰ.ਟੀ-ਪੀ.ਸੀ.ਆਰ ਸੈਂਪਲ ਲੈਣ ਪਿੱਛੋਂ ਵੱਖਰੀ ਥਾਂ ’ਤੇ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਇਹਨਾਂ ਵਿਚੋਂ 8 ਯਾਤਰੀ ਪਾਜ਼ੀਟਿਵ ਪਾਏ ਗਏ ਹਨ ਜਿਹਨਾਂ ਨੂੰ ਐਸ.ਓ.ਪੀ ਮੁਤਾਬਕ ਆਈਸੋਲੇਟ ਕੀਤਾ ਗਿਆ ਹੈ।
ਉਹਨਾਂ ਅੱਗੇ ਦੱਸਿਆ ਕਿ ਐਸ.ਏ.ਆਰ.ਐਸ - ਕੋਵ- 2 ਵਾਇਰਸ (ਵੇਰੀਐਂਟ ਅੰਡਰ ਇਨਵੈਸਟੀਗੇਸ਼ਨ (ਵੀ.ਯੂ.ਆਈ) -20212/01) ਦੇ ਨਵੇਂ ਰੂਪ ਦੀ ਰਿਪੋਰਟ ਯੂਨਾਈਟਿਡ ਕਿੰਗਡਮ (ਯੂ.ਕੇੇ) ਵਲੋਂ ਵਿਸ਼ਵ ਸਿਹਤ ਸੰਗਠਨ (ਡਬਲਯ.ੂਐਚ.ਓ) ਨੂੰ ਦਿੱਤੀ ਗਈ ਹੈ। ਯੂਰਪੀਅਨ ਸੈਂਟਰ ਫਾਰ ਡਿਸੀਜ਼ ਕੰਟਰੋਲ (ਈ.ਸੀ.ਡੀ.ਸੀ.) ਵਲੋਂ ਇਹ ਵਾਇਰਸ ਵਧੇਰੇ ਸੰਚਾਰੀ ਅਤੇ ਨੌਜਵਾਨ ਆਬਾਦੀ ਨੂੰ ਪ੍ਰਭਾਵਤ ਕਰਨ ਵਾਲਾ ਦੱਸਿਆ ਗਿਆ ਹੈ।ਵਾਇਰਸ ਦਾ ਇਹ ਰੂਪ 17 ਪਰਿਵਰਤਨਾਂ ਦੇ ਇੱਕ ਸੈੱਟ ਵਾਲਾ ਦੱਸਿਆ ਗਿਆ ਹੈ। ਇਸ ਵਾਇਰਸ ਸਪਾਈਕ ਪ੍ਰੋਟੀਨ ਵਿੱਚ ਫਰਕ ਹੋਣ ਕਰਕੇ ਇਹ ਵਧੇਰੇ ਛੂਤਕਾਰੀ ਤੇ ਖਤਰਨਾਕ ਹੋ ਸਕਦਾ ਹੈ ਅਤੇ ਲੋਕਾਂ ਨੂੰ ਵਧੇਰੇ ਅਸਾਨੀ ਨਾਲ ਆਪਣੀ ਲਪੇਟ ਵਿੱਚ ਲੈ ਸਕਦਾ ਹੈ।
ਉਹਨਾਂ ਨੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐੱਸ. ਓ. ਪੀ.) ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਐੱਸ. ਓ. ਪੀ. ਵਿੱਚ ਉਨਾਂ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦਾ ਜ਼ਿਕਰ ਹੈ ਜੋ ਪਿਛਲੇ 4 ਹਫਤਿਆਂ ਵਿੱਚ (25 ਨਵੰਬਰ ਤੋਂ 23 ਦਸੰਬਰ 2020) ਦੌਰਾਨ ਦੇਸ਼ ਵਿੱਚ ਦਾਖਲੇ ਸਮੇਂ ਅਤੇ ਭੀੜ-ਭੜੱਕੇ ਵਿੱਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ। ਇਸ ਐਸ.ਓ.ਪੀ ਮੁਤਾਬਕ ਕਰਾਇਆ ਜਾਣ ਵਾਲਾ ਟੈਸਟ ਸਿਰਫ ਆਰਟੀ-ਪੀਸੀਆਰ ਹੀ ਹੈ।