ਇੰਦਰਜੀਤ ਸਿੰਘ
ਫਾਜ਼ਿਲਕਾ, 29 ਸਤੰਬਰ 2019 - ਜ਼ਿਲ੍ਹਾ ਫ਼ਾਜ਼ਿਲਕਾ ਦੇ ਜਲਾਲਾਬਾਦ ਵਿੱਚ ਜਿੱਥੇ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ, ਉੱਥੇ ਹੀ ਜਲਾਲਾਬਾਦ ਦੇ ਲੋਕਲ ਲੀਡਰਾਂ ਵੱਲੋਂ ਕਾਂਗਰਸ ਪਾਰਟੀ ਵੱਲੋਂ ਉਤਾਰੇ ਗਏ ਉਮੀਦਵਾਰ ਦੇ ਖਿਲਾਫ ਲੋਕਲ ਲੀਡਰ ਦੀ ਮੰਗ ਕੀਤੀ ਗਈ ਸੀ। ਪਰ ਅੱਜ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ 'ਚ ਜਲਾਲਾਬਾਦ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਲੋਂ ਕੀਤੀ ਗਈ ਰੈਲੀ ਵਿੱਚ ਸਾਰੇ ਲੀਡਰ ਇੱਕ ਹੀ ਮੰਚ ਤੇ ਇਕੱਠੇ ਦਿਖਾਈ ਦਿੱਤੇ। ਇਸ ਮੌਕੇ ਗਿੱਦੜਬਾਹਾ ਦੇ ਐੱਮ ਐੱਲ ਏ ਰਾਜਾ ਵੜਿੰਗ ਅਤੇ ਫਾਜ਼ਿਲਕਾ ਦੇ ਐੱਮ ਐੱਲ ਏ ਦਵਿੰਦਰ ਸਿੰਘ ਘੁਬਾਇਆ ਅਤੇ ਸਾਬਕਾ ਜੰਗਲ ਜੰਗਲਾਤ ਮੰਤਰੀ ਹੰਸਰਾਜ ਜੋਸਨ ਸਮੇਤ ਕਈ ਲੋਕਲ ਲੀਡਰ ਵੀ ਸ਼ਾਮਲ ਸਨ।
ਇਸ ਮੌਕੇ ਸੁਨੀਲ ਜਾਖੜ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਾਫੀ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਪੁੱਤਰ ਮੋਹ ਦੇ ਵਿੱਚ ਸਾਬਕਾ ਮੁੱਖ ਮੰਤਰੀ ਵੱਲੋਂ ਪੂਰੇ ਪੰਜਾਬ ਰਾਜ ਦਾ ਕੰਮਕਾਜ ਸੁਖਬੀਰ ਬਾਦਲ ਨੂੰ ਸੌਂਪਿਆ ਹੋਇਆ ਸੀ। ਪਰ ਉਸ ਨੇ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇੱਕ ਮੰਚ ਤੇ ਇਕੱਠੇ ਹੋਏ ਹਾਂ ਅਤੇ ਜਲਾਲਾਬਾਦ ਦੀ ਸੀਟ ਤੇ ਕਾਂਗਰਸੀ ਉਮੀਦਵਾਰ ਦੀ ਜਿੱਤ ਹੋਵੇਗੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਦੇ ਦੋ-ਦੋ ਲੱਖ ਰੁਪਏ ਦੇ ਕਰਜ਼ ਮੁਆਫ਼ ਕੀਤੇ ਹਨ ਅਤੇ ਪੰਜਾਬ ਦੀ ਜਨਤਾ ਹਮੇਸ਼ਾ ਡੈਵਲਪਮੈਂਟ ਚਾਹੁੰਦੀ ਹੈ ਜੋ ਕਾਂਗਰਸ ਪਾਰਟੀ ਕਰਵਾ ਸਕਦੀ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਜਲਾਲਾਬਾਦ ਦੇ ਸਾਰੇ ਕਾਂਗਰਸੀ ਇੱਕ ਮੰਚ ਤੇ ਇਕੱਠੇ ਹਨ ਅਤੇ ਇਹ ਸੀਟ ਆਸਾਨੀ ਨਾਲ ਕਾਂਗਰਸ ਦੀ ਝੋਲੀ ਵਿੱਚ ਜਾਏਗੀ।
ਇਸ ਮੌਕੇ ਇਸ ਰੈਲੀ ਦੌਰਾਨ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਨੇ ਗੱਲਬਾਤ ਦੌਰਾਨ ਕਿਹਾ ਉਨ੍ਹਾਂ ਵੱਲੋਂ ਕਾਫੀ ਮੁੱਦੇ ਲੈ ਕੇ ਇਹ ਚੋਣ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਜੋ ਵਿਕਾਸ ਦੀ ਗੱਲ ਕਰਦੇ ਹਨ ਪਰ ਉਨ੍ਹਾਂ ਦੀ ਸਰਕਾਰ ਵੇਲੇ ਜੋ ਵੀ ਵਿਕਾਸ ਹੋਇਆ ਹੈ ਉਨ੍ਹਾਂ ਦੇ ਪਾਰਟੀ ਵਰਕਰਾਂ ਦਾ ਹੀ ਵਿਕਾਸ ਹੋਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਨਸ਼ਾ ਵੀ ਵੇਚਿਆ ਗਿਆ ਹੈ ਅਤੇ ਨਾਜਾਇਜ਼ ਰੇਤ ਦੀ ਮਾਈਨਿੰਗ ਵੀ ਕੀਤੀ ਗਈ ਹੈ ਜਿਸ ਤੋਂ ਲੋਕ ਕਾਫੀ ਦੁਖੀ ਹਨ।