ਰਾਜੂ ਵਿਲੀਅਮ
ਦਾਖਾ, 18 ਅਕਤੂਬਰ, 2019: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਮਨੀ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਵੀਰਵਾਰ ਨੂੰ ਦਾਖਾ ਵਿਧਾਨ ਸਭਾ ਹਲਕੇ ਵਿੱਚ ਆਪਣਾ ਦੂਸਰਾ 71 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ ਗਿਆ।
ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਸਭ ਤੋਂ ਦਿੱਗਜ਼ ਕਾਂਗਰਸੀ ਨੇਤਾ ਹਨ, ਜਿਸ 'ਤੇ ਪਾਰਟੀ ਰੈਂਕ ਦੀਆਂ ਇਸ ਜ਼ਿਮਨੀ ਚੋਣਾਂ ਨੂੰ ਜਿੱਤਣ ਦੀਆਂ ਦੀਆਂ ਸਾਰੀਆਂ ਉਮੀਦਾਂ ਟਿਕਿਆ ਹੋਈਆਂ ਹਨ ਅਸਲ ਵਿੱਚ ਇਸ ਹਲਕੇ ਵਿੱਚ ਕੈਪਟਨ ਅਮਰਿੰਦਰ ਦੇ ਸਿਰਫ ਇੱਕ ਰੋਡ ਸ਼ੋਅ ਦੀ ਯੋਜਨਾ ਬਣਾਈ ਗਈ ਸੀ ਪਰ ਕਾਂਗਰਸ ਦੀ ਮੌਜੂਦਾ ਹਾਲਤ ਨੂੰ ਦੇਖਦਿਆਂ ਉਨ੍ਹਾਂ ਦੇ ਦੂਜੇ ਰੋਡ ਸ਼ੋਅ ਕਰਾਉਣ ਦਾ ਫੈਸਲਾ ਕੀਤਾ ਗਿਆ। ਇਸ ਹਲਕੇ ਤੋਂ 2002 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਕਦੇ ਜਿੱਤ ਨਹੀਂ ਸਕੀ।
ਦਾਖਾ ਹਲਕੇ 'ਚ ਚੋਣ ਮਾਹੌਲ ਨੂੰ ਕਾਂਗਰਸ ਦੇ ਅਨੁਕੂਲ ਨਹੀਂ ਸਮਝਿਆ ਗਿਆ। ਇਸ ਤੱਥ ਤੋਂ ਸਪੱਸ਼ਟ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਦੁਆਰਾ ਦੂਜਾ ਰੋਡ ਸ਼ੋਅ ਕਰਨ ਦਾ ਫੈਸਲਾ 17 ਅਕਤੂਬਰ ਨੂੰ ਉਸ ਦੇ ਪਹਿਲੇ 65 ਕਿਲੋਮੀਟਰ ਲੰਬੇ ਰੋਡ ਸ਼ੋਅ ਦੀ ਸਮਾਪਤੀ 'ਤੇ ਲਿਆ ਗਿਆ ਸੀ।
ਇੱਕ ਤਜ਼ਰਬੇਕਾਰ ਦਿੱਗਜ਼ ਲੀਡਰ ਵਜੋਂ ਪੰਜਾਬੀਆਂ ਦੇ ਮਨਾਂ ਨੂੰ ਭਲੀਭਾਂਤ ਜਾਣਦੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਰੋਡ ਸ਼ੋਅ ਦੌਰਾਨ, ਇਸ ਪ੍ਰਮੁੱਖ ਪੇਂਡੂ ਹਲਕੇ ਦੇ ਵੋਟਰਾਂ ਨਾਲ ਜੁੜੇ ਪੰਥਕ ਅਤੇ ਕਿਸਾਨਾਂ ਦੇ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਅਤੇ ਉਨ੍ਹਾਂ ਦੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨਾਲ ਸਬੰਧਤ ਸਹੂਲਤਾਂ ਬਾਰੇ ਆਪਣੀ ਪਾਰਟੀ ਅਤੇ ਸਰਕਾਰ ਦੀਆਂ ਵੱਡੀਆਂ ਯੋਜਨਾਵਾਂ ਤੋਂ ਇਲਾਵਾ, ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਚੌਟਾਲਾ ਦੀ ਪਾਰਟੀ ਦਾ ਸਾਥ ਦੇ ਕੇ ਪੰਜਾਬ ਦੇ ਪਾਣੀਆਂ ਲਈ ਖਤਰਾ ਦੱਸਦਿਆਂ ਉਸਦੀ ਸਖਤ ਨਿੰਦਾ ਕੀਤੀ।
ਕਾਂਗਰਸ ਦੇ ਚੋਣ ਇੰਚਾਰਜ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ, “ਕੈਪਟਨ ਅਮਰਿੰਦਰ ਸਿੰਘ ਸਾਡੇ ਲਈ ਮੈਚ ਵਿਨਰ ਹਨ।” ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਕਾਂਗਰਸ ਦੇ ਜਨਰਲ ਸੱਕਤਰ ਅਮਰਜੀਤ ਸਿੰਘ ਟਿੱਕਾ ਨੇ ਕਿਹਾ, “ਰੋਡ ਸ਼ੋਅ ਬਿਲਕੁਲ ਸਹੀ ਸਮੇਂ 'ਤੇ ਹੋਏ ਹਨ ਅਤੇ ਵਿਰੋਧੀ ਪਾਰਟੀਆਂ ਕੈਪਟਨ ਅਮਰਿੰਦਰ ਸਿੰਘ ਦੀ ਲੋਕਪ੍ਰਿਅਤਾ ਦਾ ਮੇਲ ਨਹੀਂ ਕਰ ਸਕਦੀਆਂ।”
ਚੋਣ ਮੁਹਿੰਮ ਦੀ ਸ਼ੁਰੂਆਤ ਤੋਂ ਹੀ ਫਰੀਦਕੋਟ ਦੇ ਰਹਿਣ ਵਾਲੇ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ, ਵੋਟਰਾਂ ਨੂੰ ਇਹੀ ਯਕੀਨ ਦਿਵਾਉਣ ਲਈ ਓਵਰ ਟਾਈਮ ਕੰਮ ਕਰ ਰਹੇ ਹਨ ਕਿ ਉਹ ਕੋਈ ਬਾਹਰਲੇ ਨਹੀਂ ਹਨ, ਸਗੋਂ ਉਨ੍ਹਾਂ ਦੇ ਆਪਣੇ ਹੀ ਹਨ। ਸੰਦੀਪ ਸੰਧੂ ਖਿਲਾਫ ਜ਼ਿਆਦਾਤਰ ਵਿਰੋਧੀ ਪਾਰਟੀਆਂ ਉਕਤ ਵਿਚਾਰ ਨੂੰ ਲੈ ਕੇ ਹੀ ਪ੍ਰਚਾਰ ਕਰ ਰਹੀਆਂ ਹਨ। ਕੈਪਟਨ ਸੰਧੂ ਦੇ ਮੁੱਖ ਵਿਰੋਧੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ। ਉਹ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ।
ਏਸ ਹਲਕੇ 'ਚੋਂ ਕਾਂਗਰਸ ਦੇ ਕਿਸੇ ਵੀ ਹੋਰ ਲੀਡਰ ਨੂੰ ਟਿਕਟ ਲਈ ਯੋਗ ਨਹੀਂ ਮੰਨਿਆ ਗਿਆ ਸ਼ਾਇਦ ਇਸੇ ਕਰਕੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਿਕ ਸਕੱਤਰ ਕੈਪਟਨ ਸੰਦੀਪ ਸੰਧੂ ਨੂੰ ਚੋਣ ਮੈਦਾਨ 'ਚ ਲਿਆਂਦਾ ਗਿਆ ਸੀ। ਕੈਪਟਨ ਸੰਧੂ ਨੂੰ ਮੁੱਖ ਮੰਤਰੀ ਦੀ ਆਪਣੀ ਨਿੱਜੀ ਪਸੰਦ ਵਜੋਂ ਵੇਖਿਆ ਜਾ ਰਿਹਾ ਹੈ, ਇਸ ਲਈ ਇਹ ਬਿਨਾਂ ਕੁਝ ਕਹੇ ਮੰਨਿਆ ਜਾਂਦਾ ਹੈ ਕਿ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਆਮ ਤੌਰ 'ਤੇ ਜ਼ਿਮਨੀ ਚੋਣਾਂ ਜਿੱਤ ਜਾਂਦੇ ਹਨ। ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਦਾਖਾ ਜ਼ਿਮਨੀ-ਚੋਣਾਂ ਨੂੰ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੇ।
ਇਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਨੇ ਕਾਂਗਰਸ ਦੇ ਡੋਲਦੇ ਜਹਾਜ਼ ਨੂੰ ਚਲਾਉਣ ਦੀ ਜ਼ਿੰਮੇਵਾਰੀ ਆਪਣੇ ਉੱਤੇ ਲੈ ਲਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੋਟਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਕੈਪਟਨ ਸੰਧੂ ਸਹੀ ਉਮੀਦਵਾਰ ਹਨ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕੈਪਟਨ ਸੰਧੂ ਦੀ ਆਪਣੇ ਨਾਲ ਨੇੜਤਾ ਦਾ ਵੀ ਉਚੇਚਾ ਜ਼ਿਕਰ ਕੀਤਾ। ਵੋਟ ਹਲਕੇ ਦੇ ਪਿੰਡ ਬੱਦੋਵਾਲ ਦੇ ਸੇਵਾਮੁਕਤ ਸਰਕਾਰੀ ਸਕੂਲ ਦੇ ਮੁੱਖ ਅਧਿਆਪਕ ਕੁਲਦੀਪ ਸਿੰਘ ਨੇ ਕਿਹਾ, “ ਕੈਪਟਨ ਸੰਧੂ ਮੁੱਖ ਮੰਤਰੀ ਨਾਲ ਕਾਫੀ ਨੇੜੇ ਹਨ, ਇਸ ਲਈ ਸਾਰੇ ਵੋਟਰ ਕਾਂਗਰਸ ਨੂੰ ਵੋਟ ਪਾਉਣ ਨੂੰ ਹੀ ਤਰਜੀਹ ਦੇਣਗੇ।"