ਅੰਮ੍ਰਿਤਸਰ, 22 ਦਸੰਬਰ 2020 - ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਰਾਤੀਂ ਕਰੀਬ 12.40 ਵਜੇ ਲੰਡਨ ਤੋਂ ਏਅਰ ਇੰਡੀਆ ਦੀ ਉਡਾਣ ਰਾਹੀਂ ਪੁੱਜੇ 242 ਯਾਤਰੀਆਂ ਨੂੰ ਕੋਰੋਨਾ ਟੈਸਟ ਕਰਨ ਵਾਸਤੇ ਰੋਕਿਆ ਹੋਇਆ ਹੈ। ਇੱਥੇ ਯਾਤਰੀਆਂ ਨੂੰ ਲੈਣ ਆਏ ਉਨ੍ਹਾਂ ਦੇ ਪਰਿਵਾਰਕ ਮੈਂਬਰ ਖੱਜਲ-ਖੁਆਰ ਹੋ ਰਹੇ ਹਨ।
ਯਾਤਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਹ (ਯਾਤਰੀ) ਕੋਰੋਨਾ ਟੈਸਟ ਕਰਵਾ ਕੇ ਹੀ ਲੰਡਨ ਤੋਂ ਤੁਰੇ ਸਨ ਅਤੇ ਉਨ੍ਹਾਂ ਕੋਲ ਨੈਗੇਟਿਵ ਰਿਪੋਰਟਾਂ ਵੀ ਹਨ ਪਰ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਤੰਗ ਪਰੇਸ਼ਾਨ ਕਰਦਿਆਂ ਉਨ੍ਹਾਂ ਨੂੰ 8-10 ਘੰਟਿਆਂ ਤੋਂ ਰੋਕ ਕੇ ਰੱਖਿਆ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੜਾਕੇ ਦੀ ਠੰਢ 'ਚ ਉਹ ਹਵਾਈ ਅੱਡੇ ਦੇ ਬਾਹਰ ਪਿਛਲੇ ਕਈ ਘੰਟਿਆਂ ਤੋਂ ਪਰੇਸ਼ਾਨ ਹੋ ਰਹੇ ਹਨ।
ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਐਸ.ਡੀ.ਐਮ ਦੀਪਕ ਭਾਟੀਆ ਅਨੁਸਾਰ ਇਸ ਉਡਾਣ ਵਿਚ ਕੁਲ 242 ਯਾਤਰੀ ਆਏ ਹਨ। ਉਨ੍ਹਾਂ ਨੂੰ ਆਰਟੀ-ਪੀਸੀਆਰ ਟੈਸਟ ਕਰਵਾਉਣ ਦੀ ਜ਼ਰੂਰਤ ਹੈ ਜਿਸ ਵਿਚ 6-8 ਘੰਟੇ ਲੱਗ ਸਕਦੇ ਹਨ ਅਤੇ ਇਸ ਲਈ ਯਾਤਰੀਆਂ ਨੂੰ ਹਵਾਈ ਅੱਡੇ‘ ਤੇ ਰੁਕਣ ਦੀ ਲੋੜ ਹੈ। ”